ਪੱਤਰ ਪ੍ਰੇਰਕ
ਮੋਗਾ/ਨਿਹਾਲ ਸਿੰਘ ਵਾਲਾ, 12 ਜੂਨ
ਭਾਜਪਾ ਆਗੂ ਸੁਨੀਲ ਜਾਖੜ ਨੇ ਅੱਜ ਮੋਗਾ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਸ਼ਾਮਲ ਹੋਏ।
ਉਨ੍ਹਾਂ ਆਮ ਆਦਮੀਂ ਪਾਰਟੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਤਰੇ ਵਿੱਚ ਹੈ ਅਤੇ ਸਿਰਫ਼ ਭਾਜਪਾ ਸਰਕਾਰ ਹੀ ਪੰਜਾਬ ਦਾ ਭਲਾ ਅਤੇ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਰਿੰਦਰ ਮੰਤਰੀ ਮੋਦੀ ਪੰਜਾਬ ਦਾ ਭਲਾ ਚਾਹੁੰਦੇ ਹਨ। ਜਾਖੜ ਨੇ ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਸਤੀ ਸ਼ਰਾਬ ਵੇਚ ਕੇ ਪੰਜਾਬ ਨੂੰ ਨਹੀਂ ਚਲਾਇਆ ਜਾ ਸਕਦਾ। ਇੱਥੇ ਸਨਅਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇੰਨੀ ਵੱਡੀ ਰਕਮ ਕਿੱਥੋਂ ਆਵੇਗੀ? ਉਨ੍ਹਾਂ ਕਿਹਾ ਕਿ ਲਾਰਿਆਂ ਨਾਲ ਕੰਮ ਨਹੀਂ ਚੱਲ ਸਕਦੇ। ਸੂਬੇ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਵੀ ਚੁੱਕੇ ਹਨ ਕਿ ਪਾਣੀ ਸਿਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ।
ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਚਿੱਟੇ ਨਾਲ ਨੌਜਵਾਨ ਵਰਗ ਦਾ ਘਾਣ ਕੀਤਾ ਹੈ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਤਾਂ ਆਪਣੀ ਹੋਂਦ ਬਚਾਉਣ ਲਈ ਲੜ ਰਹੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਤਰਲੋਚਨ ਸਿੰਘ ਗਿੱਲ, ਜਗਤਾਰ ਸਿੰਘ ਰਾਜਿਆਣਾ, ਬਲਵਿੰਦਰਪਾਲ ਸਿੰਘ ਹੈਪੀ ਬੱਧਨੀ ਤੇ ਐੱਸਪੀ ਮੁਖਤਿਆਰ ਸਿੰਘ ਨੇ ਵੀ ਸੰਬੋਧਨ ਕੀਤਾ।