ਮਨੋਜ ਸ਼ਰਮਾ
ਬਠਿੰਡਾ, 5 ਮਈ
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ’ਚ ਯੋਗਦਾਨ ਲਈ ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਦੀ ਸੈਨੇਟ ਨੇ ਸ਼ੁੱਕਰਵਾਰ 6 ਮਈ ਨੂੰ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਵਿੱਚ ‘ਪੀਯੂ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਚਾਂਸਲਰ ਐੱਮ. ਵੈਂਕਈਆ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਹੋਣਗੇ, ਪ੍ਰੋ. ਜਗਬੀਰ ਸਿੰਘ ਨੂੰ ਪੀਯੂ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨਗੇ। ਪੀਯੂ ਰਤਨ ਪੁਰਸਕਾਰ ਲੜੀ ਵਿੱਚ, ਪੰਜਾਬ ਯੂਨੀਵਰਸਿਟੀ ਸਾਹਿਤ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਪੰਜ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਗਿਆਨ ਰਤਨ, ਵਿਗਿਆਨ ਰਤਨ, ਖੇਡ ਰਤਨ, ਉਦਯੋਗ ਰਤਨ ਅਤੇ ਕਲਾ ਰਤਨ ਪੁਰਸਕਾਰ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਪੀਯੂ ਦੀ 69ਵੀਂ ਕਨਵੋਕੇਸ਼ਨ ਵਿੱਚ ਸਾਡੇ ਦੇਸ਼ ਦੇ ਤਿੰਨ ਉੱਘੇ ਵਿਗਿਆਨੀਆਂ ਨੂੰ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।