ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਜਨਵਰੀ
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਪੰਜਾਬ ਮੁੱਖ ਮੰਤਰੀ ਚੰਨੀ ਦੇ ਭਾਣਜੇ ਪਾਸੋਂ 10 ਕਰੋੜ ਰੁਪਏ ਫੜੇ ਜਾਣ ਦਾ ਨਹੀਂ, ਬਲਕਿ ਤਿੰਨ ਲੱਖ ਕਰੋੜ ਦੀ ਲੁੱਟ ਦਾ ਹਿਸਾਬ ਚਾਹੁੰਦਾ ਹੈ ਜਿਸ ਕਾਰਨ ਪੰਜਾਬ ਕਰਜ਼ਾਈ ਹੋਇਆ ਪਿਆ ਹੈ। ਜਥੇਬੰਦੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਗੁਰਜੀਤ ਸਿੰਘ, ਕਾਬਲ ਸਿੰਘ ਅਤੇ ਪ੍ਰਵੀਨ ਕੁਮਾਰ ਨੇ ਮੰਗ ਕੀਤੀ ਕਿ ਕੈਪਟਨ, ਚੰਨੀ, ਸੁਖਬੀਰ, ਮਜੀਠੀਆ, ਮਨਪ੍ਰੀਤ, ਕੇਜਰੀਵਾਲ, ਰਾਘਵ ਚੱਢਾ, ਦੁਰਗੇਸ਼ ਪਾਠਕ ਤੇ ਸੰਜੈ ਸਿੰਘ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਲੁੱਟ ਦਾ ਸੱਚ ਸਾਹਮਣੇ ਆ ਸਕੇ। ਇਸ ਮਾਮਲੇ ਸਬੰਧੀ ਸਪੈਸ਼ਲ ਕਮਿਸ਼ਨ ਬਣਨਾ ਚਾਹੀਦਾ ਹੈ, ਜਿਹੜਾ ਇਨ੍ਹਾਂ ਲੋਕਾਂ ਦੀਆਂ ਬਣਾਈਆਂ ਜਾਇਦਾਦਾਂ ਦੀ ਪੜਤਾਲ ਕਰੇ।