ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਫਰਵਰੀ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚਾ ਅਤੇ ਮਿਆਰੀ ਸਿੱਖਿਆ ਦੀ ਵਿਵਸਥਾ ਕਰਨ ਬਾਰੇ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਜਾਪਦੇ ਹਨ। ਸਿੱਖਿਆ ਵਿਭਾਗ ਦੇ ਸਕੱਤਰ ਰਹੇ ਕ੍ਰਿਸ਼ਨ ਕੁਮਾਰ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲਾਂ ਦੀਆਂ ਕੰਧਾਂ ਨੂੰ ਰੰਗ-ਰੋਗਨ ਕਰ ਕੇ ਲਿਸ਼ਕਾ ਤਾਂ ਦਿੱਤਾ ਹੈ ਪਰ ਸਕੂਲਾਂ ਅੰਦਰ ਮਾੜੇ ਪ੍ਰਬੰਧਾਂ ਦੀ ਕਾਲਖ ਜੰਮੀ ਹੋਈ ਹੈ।
ਮੁਕਾਬਲੇ ਦੀ ਦੌੜ ਵਿੱਚ ਦੂਜੇ ਸੂਬਿਆਂ ਤੋਂ ਅੱਗੇ ਲੰਘਣ ਅਤੇ ਫੰਡ ਹਾਸਲ ਕਰਨ ਦੇ ਚੱਕਰ ਵਿੱਚ ਫਰਜ਼ੀ ਅੰਕੜੇ ਤਿਆਰ ਕੀਤੇ ਗਏ। 2008 ਵਿੱਚ ‘ਪੜ੍ਹੋ ਪੰਜਾਬ’ ਮੁਹਿੰਮ ਚਲਾਈ ਗਈ। ਇਸ ਅਧੀਨ ਬੱਚਿਆਂ ਤੱਕ ਸਿੱਖਿਆ ਨਵੀਆਂ ਤਕਨੀਕਾਂ ਰਾਹੀਂ ਪਹੁੰਚਾਉਣ ਲਈ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ। ਇਨ੍ਹਾਂ ਤਕਨੀਕਾਂ ਨਾਲ ਬੱਚੇ ਅਤੇ ਅਧਿਆਪਕਾਂ ਵਿੱਚ ਦੂਰੀ ਵਧਣੀ ਸ਼ੁਰੂ ਹੋ ਗਈ। ਜਦੋਂ ਗਰੇਡਵਾਰ ਅੰਕੜੇ ਪੁੱਛੇ ਗਏ ਤਾਂ ਫਰਜ਼ੀਵਾੜਾ ਸ਼ੁਰੂ ਹੋ ਗਿਆ। ਬੱਚਾ ਪਾਠਕ੍ਰਮ ਤੋਂ ਦੂਰ ਹੁੰਦਾ ਚਲਾ ਗਿਆ। ਫਿਰ ਦਾਖ਼ਲਾ ਦਰ ਅਤੇ ਸਿੱਖਿਆ ਦੇ ਮਿਆਰ ਨੂੰ ਫਰਜ਼ੀ ਅੰਕੜਿਆਂ ਤਹਿਤ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਗਰੋਂ ‘ਪੜ੍ਹੋ ਸਾਰੇ ਵਧੋ ਸਾਰੇ’ ਮੁਹਿੰਮ ਚਲਾਈ ਗਈ। ਇਸ ਦਾ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਅਧਿਆਪਕ ਕਲਰਕ ਬਣ ਕੇ ਰਹਿ ਗਏ।
ਕਰੋਨਾ ਕਾਲ ਦੌਰਾਨ 22 ਮਾਰਚ 2020 ਨੂੰ ਲੌਕਡਾਊਨ ਤੇ ਕਰਫਿਊ ਕਾਰਨ ਸਕੂਲ ਬੰਦ ਕੀਤੇ ਗਏ। ਹਾਲਾਂਕਿ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਪੰਜਾਬ ’ਚ ਵੀ ਆਨਲਾਈਨ ਸਿੱਖਿਆ ਸ਼ੁਰੂ ਕੀਤੀ ਪਰ ਗਰੀਬ ਵਰਗ ਨਾਲ ਸਬੰਧਤ ਬੱਚਿਆਂ ਕੋਲ ਸਮਾਰਟ ਫੋਨ ਨਾ ਹੋਣ ਕਾਰਨ ਉਹ ਸਿੱਖਿਆ ਤੋਂ ਵਾਂਝੇ ਰਹਿ ਗਏ ਅਤੇ ਲੰਮਾ ਸਮਾਂ ਸਕੂਲ ਬੰਦ ਰਹਿਣ ਕਾਰਨ ਕਾਫ਼ੀ ਬੱਚੇ ਦਿਹਾੜੀਆਂ ਕਰਨ ਲੱਗੇ ਪਏ ਅਤੇ ਪਿਤਾ ਪੁਰਖੀ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਇਸ ਤਰ੍ਹਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਕੋਲੋਂ ਕਥਿਤ ਫਰਜ਼ੀ ਅੰਕੜੇ ਤਿਆਰ ਕਰਵਾ ਕੇ ਸਿੱਖਿਆ ਦਾ ਮਿਆਰ ਉੱਚਾ ਹੋਣ ਦਾ ਦਾਅਵਾ ਕੀਤਾ ਗਿਆ।
ਮੌਜੂਦਾ ਸਮੇਂ ਵਿੱਚ ਸਾਰੀਆਂ ਜਨਤਕ ਥਾਵਾਂ, ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਸਿਆਸੀ ਗਤੀਵਿਧੀਆਂ ਆਮ ਵਾਂਗ ਜਾਰੀ ਹਨ ਪਰ ਸਕੂਲਾਂ ਵਿੱਚ ਕਰੋਨਾ ਨੂੰ ਦਹਿਸ਼ਤ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਫਿਰ ਤੋਂ ਸਕੂਲ ਬੰਦ ਕਰ ਕੇ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਗਈ, ਹਾਲਾਂਕਿ ਅਧਿਆਪਕ ਆਪਣੇ ਘਰ ਤੋਂ ਵੀ ਆਨਲਾਈਨ ਪੜ੍ਹਾਈ ਕਰਵਾ ਸਕਦੇ ਹਨ ਪਰ ਅਧਿਆਪਕਾਂ ਨੂੰ ਸਕੂਲ ਸੱਦਿਆ ਜਾ ਰਿਹਾ ਹੈ। ਛੇਵੀਂ ਤੋਂ ਅੱਠਵੀਂ ਕਲਾਸ ਤੱਕ ਸਮਾਜਿਕ ਸਿੱਖਿਆ ਅਧਿਆਪਕ ਹੀ ਅੰਗਰੇਜ਼ੀ ਪੜ੍ਹਾ ਰਿਹਾ ਹੈ। ਪੀਟੀਆਈ ਦੀਆਂ ਅਸਾਮੀਆਂ ਵੀ ਲਗਪਗ ਖ਼ਤਮ ਕਰ ਦਿੱਤੀਆਂ ਗਈਆਂ। ਬਲਾਕ ਪੱਧਰ ’ਤੇ 48 ਤੋਂ 50 ਸਕੂਲਾਂ ਪਿੱਛੇ ਸਿਰਫ਼ ਇਕ ਪੀਟੀਆਈ ਅਧਿਆਪਕ ਹੈ।
ਭਰਤੀਆਂ ਦੇ ਮਾਮਲੇ ਵਿੱਚ ਸਰਕਾਰ ਨਾਕਾਮ ਸਾਬਤ ਹੋਈ ਹੈ। ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀ ਭਰਤੀ ਸਬੰਧੀ 29 ਦਸੰਬਰ 2020 ਨੂੰ ਪ੍ਰੀਖਿਆ ਲਈ ਗਈ। ਇਸ ਤੋਂ ਪਹਿਲਾਂ 6 ਦਸੰਬਰ ਨੂੰ 2300 ਈਟੀਟੀ ਪੋਸਟਾਂ ਲਈ ਲਿਖਤੀ ਪ੍ਰੀਖਿਆ ਲਈ ਗਈ। ਇੰਜ ਹੀ 6635 ਈਟੀਟੀ ਦੀਆਂ ਪੋਸਟਾਂ ਦੀ ਲਿਖਤੀ ਪ੍ਰੀਖਿਆ ਹੋ ਚੁੱਕੀ ਹੈ। ਪਿੱਛੇ ਜਿਹੇ ਕੱਚੇ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਨੇ 8393 ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਇਹ ਮਾਮਲੇ ਅਦਾਲਤ ਵਿੱਚ ਜਾਣ ਕਰਕੇ ਭਰਤੀ ਰੁਕ ਗਈ।
2017 ਵਿੱਚ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਪਰ ਨਾ ਵੱਖਰੇ ਕਲਾਸ-ਰੂਮ ਦਾ ਪ੍ਰਬੰਧ ਕੀਤਾ ਤੇ ਨਾ ਹੀ ਅਧਿਆਪਕ ਦਿੱਤਾ। 8 ਮਾਰਚ 2019 ਨੂੰ 1558 ਅਸਾਮੀਆਂ ’ਚੋਂ 1950 ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬੀਪੀਈਓ ਭਰਤੀ ਕਰਨੇ ਸੀ। ਸਾਰੀਆਂ ਕੈਟਾਗਰੀਆਂ ਦਾ ਇਕੱਠਾ ਟੈਸਟ ਲਿਆ ਤੇ ਮੈਰਿਟ ਬਣਾਈ ਗਈ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਬਲਾਕ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਫਿਰ ਹੈੱਡ ਟੀਚਰ ਦੀ ਭਰਤੀ ਹੁੰਦੀ ਪਰ ਕਾਰਵਾਈ ਉਲਟ ਹੋਣ ਕਾਰਨ ਸਾਰਾ ਕੰਮ ਗੜਬੜਾ ਗਿਆ। ਪਹਿਲਾਂ ਹੈੱਡ ਟੀਚਰ ਨੂੰ ਨਿਯੁਕਤੀ ਪੱਤਰ ਦੇਣੇ ਸ਼ੁਰੂ ਕੀਤੇ ਪਰ ਜਦੋਂ ਉਸ ਦਾ ਸੈਂਟਰ ਹੈੱਡ ਟੀਚਰ ’ਚ ਨਾਂ ਆ ਗਿਆ ਤਾਂ ਉਸ ਨੇ ਹੈੱਡ ਟੀਚਰ ਦੀ ਪੋਸਟ ਛੱਡ ਦਿੱਤੀ। ਐਵੇਂ ਹੀ ਸੈਂਟਰ ਹੈੱਡ ਟੀਚਰ ਦਾ ਜਦੋਂ ਬਲਾਕ ਅਫ਼ਸਰ ਵਜੋਂ ਨਾਮ ਆਇਆ ਤਾਂ ਉਸ ਨੇ ਇਹ ਪੋਸਟ ਛੱਡ ਦਿੱਤੀ। ਇੰਜ ਦੋ ਸਾਲ ਬਰਬਾਦ ਕਰ ਦਿੱਤੇ। ਹਾਲਾਂਕਿ 322 ਉਮੀਦਵਾਰਾਂ ਦੀ ਕੌਂਸਲਿੰਗ ਵੀ ਹੋ ਚੁੱਕੀ ਸੀ ਪਰ ਅਗਸਤ 2021 ਵਿੱਚ ਸਿੱਖਿਆ ਸਕੱਤਰ ਨੇ ਹੁਕਮ ਜਾਰੀ ਕਰ ਕੇ ਭਰਤੀ ਬੰਦ ਕਰ ਦਿੱਤੀ।