ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਕਤੂਬਰ
ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਖ਼ਿਲਾਫ਼ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਇੰਜਨੀਅਰ 8 ਤੇ 9 ਨਵੰਬਰ ਨੂੰ ਹੜਤਾਲ ’ਤੇ ਰਹਿਣਗੇ। ਹੜਤਾਲ ਦੌਰਾਨ ਇਹ ਇੰਜਨੀਅਰ ਦੋਵੇਂ ਦਿਨ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿੱਚ ਧਰਨਾ ਵੀ ਦੇਣਗੇ। ਸੂਬੇ ਦੇ ਸਮੂਹ ਵਿਭਾਗਾਂ ਨਾਲ ਸਬੰਧਤ ਜੂਨੀਅਰ ਇੰਜਨੀਅਰ (ਜੇਈ), ਸਹਾਇਕ ਇੰਜਨੀਅਰ (ਏਈ) ਤੇ ਪਦ ਉੱਨਤ ਉੁਪ ਮੰਡਲ ਇੰਜਨੀਅਰ (ਐੱਸਡੀਓਜ਼) ਇਸ ਹੜਤਾਲ ਵਿੱਚ ਸ਼ਾਮਲ ਹੋਣਗੇ। ਇਹ ਫੈ਼ਸਲਾ ਇੰਜਨੀਅਰਾਂ ਦੀ ਸੂਬਾਈ ਜਥੇਬੰਦੀ ‘ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ’ ਦੀ ਕੌਂਸਲ ਦੇ ਸੁਬਾਈ ਚੇਅਰਮੈਨ ਇੰਜ. ਸੁਖਮਿੰਦਰ ਸਿੰਘ ਲਵਲੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਕਰਮਜੀਤ ਬੀਹਲਾ, ਕਮਰਜੀਤ ਮਾਨ, ਭੁਪਿੰਦਰ ਸੋਮਲ ਤੇ ਕਰਮਜੀਤ ਸਿੰਘ ਮਾਨਸਾ ਸਣੇ ਵਿਵੇਕ ਵਸ਼ਿਸ਼ਟ, (ਭਵਨ ਮਾਰਗ), ਹਰਸ਼ਰਨ ਸਿੰਘ (ਸੀਵਰੇਜ ਬੋਰਡ), ਅਤੇ ਗੁਰਮੇਲ ਸਿੰਘ (ਮੰਡੀ ਬੋਰਡ) ਵੀ ਸ਼ਾਮਲ ਹੋਏ। ਜਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ ਬਠਿੰਡਾ ਤੇ ਪਟਿਆਲਾ ਦੀਆਂ ਰੈਲੀਆਂ ਮਗਰੋਂ ਨਵੇਂ ਬਣੇ ਮੁੱਖ ਮੰਤਰੀ ਨੂੰ 18 ਅਕਤੂਬਰ ਨੂੰ ਕੌਂਸਲ ਦੇ ਬੈਨਰ ਹੇਠ 501 ਮੈਂਬਰੀ ਵਫ਼ਦ ਵੱਲੋਂ ਮੋਰਿੰਡਾ ਰਿਹਾਇਸ਼ ’ਤੇ ਜਾ ਕੇ ਮੰਗ ਪੱਤਰ ਦਿੰਦਿਆਂ, ਸਮਾਂ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਮਗਰੋਂ ਅਧਿਕਾਰੀਆਂ ਨੇ ਜਲਦੀ ਹੀ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ। ਜਨਰਲ ਸਕੱਤਰ ਦਵਿੰਦਰ ਸੇਖੋਂ ਤੇ ਵਿੱਤ ਸਕੱਤਰ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਦੀ ਅਜਿਹੀ ਬੇਰੁਖੀ ਖ਼ਿਲਾਫ਼ ਹੀ ਹੁਣ ਇੰਜੀਨਅਰਾਂ ਨੂੰ ਮਜਬੂਰਨ ਮੁੱਖ ਮੰਤਰੀ ਦੇ ਸ਼ਹਿਰ ’ਚ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਣਾ ਪਿਆ ਹੈ।