ਰਾਜਮੀਤ ਸਿੰਘ
ਚੰਡੀਗੜ੍ਹ, 10 ਜੁਲਾਈ
ਪੰਜਾਬ ਵੱਲੋਂ ਸੁਖਨਾ ਜੰਗਲੀ ਜੀਵ ਰੱਖ ਦੀ ਵਾਤਵਰਨ ਪੱਖੋਂ ਸੰਵੇਦਨਸ਼ੀਲ ਖੇਤਰ (ਈਕੋ ਸੈਂਸਟਿਵ ਜ਼ੋਨ) ਵਜੋਂ ਹੱਦਬੰਦੀ 100 ਮੀਟਰ ਕਰਨ ਦਾ ਫ਼ੈਸਲਾ ਵਾਪਸ ਲੈਣ ਮਗਰੋਂ ਪੰਜਾਬ ਜੰਗਲਾਤ ਵਿਭਾਗ ਨੇ ਇਸ ਘੇਰਾ ਵਧਾਉਣ ਸਬੰਧੀ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਇਹ ਖਰੜਾ ਕੇਂਦਰੀ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੂੰ ਭੇਜੇ ਜਾਣ ਤੋਂ ਪਹਿਲਾਂ ਮਨਜ਼ੂਰੀ ਲਈ ਕੈਬਨਿਟ ਕੋਲ ਦਾਖਲ ਕੀਤਾ ਜਾਵੇਗਾ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਵਾਤਵਰਨ ਪੱਖੋਂ ਸੰਵੇਦਨਸ਼ੀਲ ਖੇਤਰ ’ਚ ਵਾਧੇ ਦੀ ਤਜਵੀਜ਼ ਹਿੱਤਧਾਰਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਜੰਗਲਾਤ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਸੁਖਨਾ ਜੰਗਲੀ ਜੀਵ ਰੱਖ ਦੁਆਲੇ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਖੇਤਰ ਦੀ ਹੱਦ ਸਿਰਫ਼ 100 ਮੀਟਰ ਮਿਥਣ ਦੀ ਤਜਵੀਜ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਤਰਾਜ਼ ਜਤਾਉਣ ਕਾਰਨ ਰੱਦ ਕਰ ਦਿੱਤੀ ਸੀ। ਹਾਲ ਹੀ ’ਚ ਕੇਂਦਰੀ ਮੰਤਰਾਲੇ ਨੇ ਪੰਚਕੂਲਾ ਜ਼ਿਲ੍ਹੇ ’ਚ ਹਰਿਆਣਾ ਵਾਲੇ ਪਾਸੇ ਸੁਖਨਾ ਜੰਗਲੀ ਜੀਵ ਰੱਖ ਦੇ ਨੇੜੇ 1 ਕਿਲੋਮੀਟਰ ਤੋਂ 2.035 ਕਿਲੋਮੀਟਰ ਦੇ ਖੇਤਰ ਦੀ ਵਾਤਵਰਨ ਪੱਖੋਂ ਸੰਵੇਦਨਸ਼ੀਲ ਖੇਤਰ ਵਜੋਂ ਹੱਦਬੰਦੀ ਕਰਨ ਸਬੰਧੀ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਲਾਂਕਿ ਯੂੁਟੀ ਵਣ ਤੇ ਜੰਗਲੀ ਜੀਵ ਵਿਭਾਗ ਨੇ 2 ਕਿਲੋਮੀਟਰ ਤੋਂ 2.75 ਕਿਲੋਮੀਟਰ ਤੱਕ ਏਰੀਏ ਨੂੰ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਖੇਤਰ ਐਲਾਨਿਆ ਹੈ ਅਤੇ ਉਸ ਵੱਲੋਂ ਹਰਿਆਣਾ ਤੇ ਪੰਜਾਬ ਤੋਂ ਵੀ ਬਰਾਬਰ ਖੇਤਰ ਦੀ ਮੰਗ ਕੀਤੀ ਜਾ ਰਹੀ ਹੈ। ਜ਼ੋਨ ਦੀ ਘੇਰਾਬੰਦੀ ਵਧਾਉਣ ਦੇ ਹਰਿਆਣਾ ਦੇ ਕਦਮ ਨੂੰ ਕੇਂਦਰੀ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੇ ਜਾਣ ਮਗਰੋਂ ਪੰਜਾਬ ਨੇ ਘੇਰਾਬੰਦੀ ਵਧਾ ਦਿੱਤੀ ਹੈ ਅਤੇ ਕੇਂਦਰੀ ਮੰਤਰਾਲੇ ਤੋਂ ਇਸ ਦੀ ਮਨਜ਼ੂਰੀ ਮੰਗੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਜੰਗਲੀ ਰੱਖ ਦਾ 90 ਫ਼ੀਸਦ ਖੇਤਰ ਪੰਜਾਬ ਤੇ ਹਰਿਆਣਾ ’ਚ ਪੈਂਦਾ ਹੈ। ਸੁਪਰੀਮ ਕੋਰਟ ਨੇ ਜੂਨ 2022 ਦੇ ਆਪਣੇ ਹੁਕਮ ’ਚ ਕਿਹਾ ਸੀ ਕਿ ਹਰੇਕ ਕੌਮੀ ਪਾਰਕ ਅਤੇ ਜੰਗਲੀ ਜੀਵ ਰੱਖ ਦਾ ਘੱਟੋ-ਘੱਟ ਇੱਕ ਕਿਲੋਮੀਟਰ ਦਾ ਈਕੋ ਸੰਵੇਦਨਸ਼ੀਲ ਖੇਤਰ ਹੋਣਾ ਚਾਹੀਦਾ ਹੈ, ਜੋ ਅਜਿਹੇ ਸੁਰੱਖਿਅਤ ਜੰਗਲ ਦੀ ਘੇਰਾਬੰਦੀ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਸੁਖਨਾ ਜੰਗਲੀ ਜੀਵ ਰੱਖ ਨੂੰ ਜੰਗਲੀ ਜੀਵਨ ਐਕਟ ਦੀ ਸੂੁਚੀ-1 ’ਚ ਦਰਜ ਸੱਤ ਪ੍ਰਜਾਤੀਆਂ ਦਾ ਘਰ ਮੰਨਿਆ ਜਾਂਦਾ ਹੈ ਜਿਨ੍ਹਾਂ ’ਚ ਤੇਂਦੂਆ, ਭਾਰਤੀ ਪੈਂਗੋਲਿਨ, ਸਾਂਬਰ, ਗੋਲਡਨ ਜੈਕਾਲ, ਕਿੰਗ ਕੋੋਬਰਾ, ਪਾਈਥੌਨ ਅਤੇ ਮੌਨੀਟਰ ਛਿਪਕਲੀ ਸ਼ਾਮਲ ਹਨ। ਸੂਚੀ-1 ’ਚ ਉਹ ਪ੍ਰਜਾਤੀਆਂ ਦਰਜ ਹਨ ਜਿਨ੍ਹਾਂ ਦੀ ਹੋਂਦ ਖਤਮ ਹੋਣ ਕਿਨਾਰੇ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।