ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜੁਲਾਈ
ਇੱੱਥੇ ਉੱਤਰੀ ਭਾਰਤ ਲਾਟਰੀ ਐਸੋਸਈਸ਼ੇਨ ਦੇ ਮੈਂਬਰਾਂ ਨੇ ਪੱਤਰਕਾਰ ਮਿਲਣੀ ਦੌਰਾਨ ਦੋਸ਼ ਲਾਏ ਕਿ ਸਰਕਾਰ ਨੇ ਸਾਢੇ 22 ਕਰੋੜ ਰੁਪਏ ਦੇ ਵਿਸਾਖੀ ਬੰਪਰ ਤਾਂ ਜਾਰੀ ਕਰ ਦਿੱਤੇ ਪਰ ਡਰਾਅ ਨਹੀਂ ਕੱਢਿਆ। ਜਥੇਬੰਦੀ ਦੇ ਪ੍ਰਧਾਨ ਐੱਚਕੇ ਚੁੱਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਰੋਨਾਵਾਇਰਸ ਤੇ ਤਾਲਾਬੰਦੀ ਕਾਰਨ ਵਿਸਾਖੀ ਬੰਪਰ ਦਾ ਨਤੀਜਾ ਐਲਾਨਣ ’ਤੇ ਰੋਕ ਲਾ ਦਿੱਤੀ ਸੀ। ਹੁਣ ਇਹ ਬੰਪਰ ਸੂਬੇ ਦੇ ਲਾਟਰੀ ਵਿਕਰੇਤਾਵਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਚੁੱਕਿਆ ਹੈ, ਕਿਉਂਕਿ ਜ਼ਿਆਦਾਤਰ ਲੋਕ ਲਾਟਰੀਆਂ ਵਾਪਸ ਕਰਕੇ ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਚੁੱਕੇ ਹਨ ਪਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ ਲਈ ਬਾਜ਼ਾਰ ’ਚ ਕਰੀਬ 9 ਲੱਖ ਲਾਟਰੀਆਂ ਵੰਡੀਆਂ ਗਈਆਂ ਸਨ ਤੇ ਇੱਕ ਲਾਟਰੀ ਦੀ ਕੀਮਤ 250 ਰੁਪਏ ਹੈ। ਉਸ ਹਿਸਾਬ ਨਾਲ ਲੋਕਾਂ ਨੇ ਸਰਕਾਰ ਕੋਲੋਂ ਸਾਢੇ 22 ਕਰੋੜ ਰੁਪਏ ਦੇ ਬੰਪਰ ਖਰੀਦੇ ਸਨ। ਤਾਲਬੰਦੀ ਕਾਰਨ ਵਿਸਾਖੀ ਬੰਪਰ ਨੂੰ ਰੱਦ ਕਰਨ ਸਮੇਤ ਵਿੱਕ ਚੁੱਕੀਆਂ ਟਿਕਟਾਂ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਤੋਂ ਕਾਫ਼ੀ ਗਿਣਤੀ ’ਚ ਲਾਟਰੀ ਟਿਕਟਾਂ ਵਾਪਸ ਲੈ ਲਈਆਂ ਤੇ ਹੁਣ ਉਹ ਲਾਟਰੀ ਉਨ੍ਹਾਂ ਕੋਲ ਜਮ੍ਹਾਂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸਾਢੇ 22 ਕਰੋੜ ਰੁਪਏ ਦਾ ਕੋਈ ਜਵਾਬ ਨਹੀਂ ਦੇ ਰਹੀ। ਇਸ ਦਾ ਕੋਈ ਹੱਲ੍ਹ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਵਿਸਾਖੀ ਬੰਪਰ ਦੇ ਬਦਲੇ ’ਚ ਰੱਖੜੀ ਬੰਪਰ ਦੇ ਦੇਣਾ ਚਾਹੀਦਾ ਹੈ ਤਾਂ ਕਿ ਲਾਟਰੀ ਵਿਕਰੇਤਾਵਾਂ ਨੂੰ ਵੀ ਨੁਕਸਾਨ ਨਾ ਹੋਵੇ।