ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 8 ਸਤੰਬਰ
ਇਥੋਂ ਦੇ ਨੇੜਲੇ ਭੈਣੀ ਸਾਹਿਬ ਵਿਖੇ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਸ ਦੀ ਪਹਿਲੀ ਕਿਸ਼ਤ 50 ਲੱਖ ਰੁਪਏ ਜਾਰੀ ਕੀਤੀ ਗਈ। ਇਸ ਸਬੰਧੀ ਪੱਤਰ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੂੰ ਸੌਂਪਿਆ। ਇਸ ਮੌਕੇ ਮੰਤਰੀ ਨੇ ਕਿਹਾ ਕਿ ਭੈਣੀ ਸਾਹਿਬ ਦੀ ਖੇਡਾਂ ਦੇ ਖੇਤਰ ਵਿਚ ਦਿੱਤੀ ਜਾ ਰਹੀ ਵਡਮੁੱਲੀ ਸੇਵਾ ਦੀ ਪੰਜਾਬ ਸਰਕਾਰ ਕਦਰ ਕਰਦੀ ਹੈ। ਇਸ ਲਈ ਸਰਕਾਰ ਵੱਲੋਂ ਇਸ ਐਸਟ੍ਰੋਟਰਫ ਨੂੰ ਨਵਿਆਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਐੱਚਐੱਸ ਹੰਸਪਾਲ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕੋਚ ਬਲਦੇਵ ਸਿੰਘ, ਹਰਦੀਪ ਸਿੰਘ ਗਰੇਵਾਲ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਹਾਜ਼ਰ ਸਨ। ਇਸ ਮੌਕੇ ਬੱਚਿਆਂ ਦਾ ਫੁੱਟਬਾਲ ਸ਼ੋ ਮੈਚ ਵੀ ਕਰਵਾਇਆ ਗਿਆ।