ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਕੌਮੀ ਪ੍ਰੈੱਸ ਦਿਹਾੜੇ ਮੌਕੇ ‘ਰਾਜ ਭਾਸ਼ਾ ਕਮਿਸ਼ਨ’ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬੀ ਭਾਸ਼ਾ ਐਕਟ ਨੂੰ ਮਜ਼ਬੂਤ ਕੀਤਾ ਜਾ ਸਕੇ| ਕੈਬਨਿਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਲੰਮੇ ਅਰਸੇ ਤੋਂ ਲਟਕ ਰਹੇ ਲਾਇਬਰੇਰੀ ਐਕਟ ਦਾ ਆਰਡੀਨੈੱਸ ਜਾਰੀ ਕਰਨ ਲਈ ਵਾਹ ਲਾਈ ਜਾਵੇਗੀ| ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਪੰਜਾਬੀ ਲੇਖਕ ਸਭਾ ਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਦੇ ਨਾਲ ਅੱਜ ਪੰਜਾਬ ਕਲਾ ਭਵਨ ਵਿਖੇ ‘ਪੰਜਾਬੀ ਭਾਸ਼ਾ ਤੇ ਪੱਤਰਕਾਰੀ ਨੂੰ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ ਚਰਚਾ ਕਰਾਈ ਗਈ ਜਿਸ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦ ਕੀਤਾ ਗਿਆ| ਵਿਚਾਰ ਚਰਚਾ ‘ਚ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਨੂੰ ਚੁਣੌਤੀਆਂ ਦੀ ਗੱਲ ਕਰਦਿਆਂ ਬੁਲਾਰਿਆ ਨੇ ਇੱਕ ਬਦਲਵੇਂ ਮੀਡੀਆਂ ਵਜੋਂ ਯੂ-ਟਿਊਬ ਚੈੱਨਲਾਂ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕੀਤੀ| ਪਰਗਟ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਵੀ ਸਲਾਮ ਕੀਤਾ| ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪੱਤਰਕਾਰਾਂ ਲਈ ਆਦਰਸ਼ ਦੱਸਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਵੀ ਪੰਜਾਬੀ ਪੱਤਰਕਾਰੀ ਦਾ ਵੱਡਾ ਰੋਲ ਰਿਹਾ ਹੈ| ਉਨ੍ਹਾਂ ਸਮੂਹ ਸਾਹਿਤਕਾਰਾਂ, ਪੱਤਰਕਾਰਾਂ, ਅਕਾਦਮਿਕ ਮਾਹਿਰਾਂ ਤੇ ਸਿੱਖਿਆ ਸਾਸਤਰੀਆਂ ਅੱਗੇ ਆਉਣ ਦੀ ਸੱਦਾ ਦਿੱਤਾ ਤਾਂ ਜੋ ਭਾਸ਼ਾ ਐਕਟ ਨੂੰ ਸੂਬਾ ਅਤੇ ਜ਼ਿਲਾ ਪੱਧਰ ਉਤੇ ਲਾਗੂ ਕਰਨ ਲਈ ਕਮਿਸ਼ਨ ਅਤੇ ਕਮੇਟੀਆਂ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ| ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਨੂੰ ਹਮੇਸ਼ਾਂ ਖਤਰੇ ਦਰਪੇਸ਼ ਰਹੇ ਹਨ| ਉਨ੍ਹਾਂ ਮਿਸਾਲ ਦਿੱਤੀ ਕਿ ਪੁਰਾਣੇ ਸਮਿਆਂ ਵਿਚ ‘ਅਕਾਲੀ’ ਅਖਬਾਰ ਦੇ ਸੰਪਾਦਕਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ ਸਨ| ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰੀ ਰਾਜ ਭਾਗ ਵਿਚ ਪੱਤਰਕਾਰੀ ‘ਤੇ ਚੌਤਰਫਾ ਹੱਲੇ ਵਧੇ ਹਨ| ਉਨ੍ਹਾਂ ਪੰਜਾਬੀ ਬੋਲੀ ਦੀ ਅਣਦੇਖੀ ‘ਤੇ ਵੀ ਗੱਲ ਰੱਖੀ। ਉਨ੍ਹਾਂ ਰਾਜ ਭਾਸ਼ਾ ਕਮਿਸ਼ਨ ਬਣਾਏ ਜਾਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ।ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿ ਆਜ਼ਾਦ ਅਤੇ ਜ਼ਿੰਮੇਵਾਰ ਪੱਤਰਕਾਰੀ ’ਤੇ ਗੱਲ ਕੀਤੀ| ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਧੰਨਵਾਦੀ ਭਾਸ਼ਨ ਵਿਚ ਪ੍ਰੈਸ ਕੌਂਸਲ ਆਫ ਇੰਡੀਆਂ ਦੇ ਹਕੂਮਤੀ ਪਰਛਾਵੇਂ ਹੇਠ ਬਦਲ ਰਹੇ ਮੁਹਾਂਦਰੇ ਦੀ ਗੱਲ ਕੀਤੀ| ਇਸ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਦੇ ਬਲਕਾਰ ਸਿੰਘ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ| ਇਸ ਮੌਕੇ ਪ੍ਰੀਤਮ ਰੁਪਾਲ, ਸੰਤੋਸ਼ ਗੁਪਤਾ, ਤਰਲੋਚਨ ਸਿੰਘ ਤੇ ਗੁਰ ਉਪਦੇਸ਼ ਸਿੰਘ ਭੁੱਲਰ, ਚੇਅਰਮੈਨ ਜਗਤਾਰ ਸਿੰਘ ਭੁੱਲਰ, ਨਲਿਨ ਅਚਾਰੀਆ, ਇੰਦਰਪ੍ਰੀਤ ਸਿੰਘ ਅਤੇ ਆਤਿਸ਼ ਗੁਪਤਾ ਵੀ ਹਾਜ਼ਰ ਸਨ|