ਰਵੇਲ ਸਿੰਘ ਭਿੰਡਰ
ਪਟਿਆਲਾ, 13 ਸਤੰਬਰ
ਪੰਜਾਬ ਸਰਕਾਰ ਲਾਰਸਨ ਐਂਡ ਟੁਰਬੋ (ਐੱਲਐਂਡਟੀ) ਕੰਪਨੀ ਦੇ ਰਾਜਪੁਰਾ ਸਥਿਤ ਥਰਮਲ ਪਲਾਂਟ ਨੂੰ ਮਹਿੰਗੇ ਮੁੱਲ ’ਤੇ ਖਰੀਦਣ ਦੇ ਰੌਂਅ ’ਚ ਦਿਖਾਈ ਦੇ ਰਹੀ ਹੈ। ਅਜਿਹੇ ਵਿੱਚ ਸੂਬੇ ਦੇ ਬਿਜਲੀ ਖ਼ਪਤਕਾਰਾਂ ’ਤੇ ਵੱਡਾ ਵਿੱਤੀ ਬੋਝ ਪੈਣ ਦਾ ਖ਼ਦਸ਼ਾ ਹੈ।
ਇਸ ਸਬੰਧੀ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਲੀਲਾਂ ਭਰਪੂਰ ਪੱਤਰ ਲਿਖਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਗਾਹ ਕੀਤਾ ਕਿ ਜੇਕਰ ਸਰਕਾਰ ਇਸ ਪਲਾਂਟ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਇਸ ਨੂੰ ਵਾਜਬ ਤੇ ਮਾਰਕੀਟ ਭਾਅ ਦੇ ਹਿਸਾਬ ਨਾਲ ਖਰੀਦਿਆ ਜਾਵੇ। ਇੰਜਨੀਅਰਜ਼ ਐਸੋਸੀਏਸ਼ਨ ਨੇ ਕੰਪਨੀ ਵੱਲੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਖਰੀਦ ਦੀ ਦਿੱਤੀ ਪੇਸ਼ਕਸ਼ ਨਾਲ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਆਖਿਆ ਕਿ ਛੇ ਸਾਲ ਥਰਮਲ ਚਲਾਉਣ ਮਗਰੋਂ ਵੀ ਕੰਪਨੀ ਪਲਾਂਟ ਨੂੰ ਪੂਰੇ ਮੁੱਲ ਵਿੱਚ ਵੇਚਣਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਰਾਜਪੁਰਾ ਥਰਮਲ ਪਲਾਂਟ ਦੀ ਮੌਜੂਦਾ ਸਮੇਂ ਵਿਚ ਅੰਦਾਜ਼ਨ ਕੀਮਤ 6000 ਹਜ਼ਾਰ ਕਰੋੜ ਰੁਪਏ ਘੱਟ ਬਣਦੀ ਹੈ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਭਾਵੇਂ ਸਰਕਾਰ ਓਹਲਾ ਰੱਖ ਰਹੀ ਪਰ ਥਰਮਲ ਦੀ ਖਰੀਦ ਬਾਰੇ ਸਰਕਾਰ ਤੇ ਕੰਪਨੀ ਦੀਆਂ ਨਜ਼ਦੀਕੀਆਂ ਵਧੀਆਂ ਹੋਈਆਂ ਹਨ। ਜੇਕਰ ਚਿੰਤਕ ਤੇ ਸੂਬੇ ਦੀ ਜਨਤਾ ਨਾ ਜਾਗੀ ਤਾਂ ਲੰਘਿਆਂ ਵਕਤ ਹੱਥ ਨਹੀਂ ਆਉਣਾ।
ਜਥੇਬੰਦੀ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਐੱਲਐਂਡਟੀ ਕੰਪਨੀ ਨੇ ਪਹਿਲਾਂ ਥਰਮਲ ਪਲਾਂਟ ਲਾਉਣ ਵੇਲੇ ਪੰਜਾਬ ਲੁੱੱਟਿਆ ਅਤੇ ਹੁਣ ਵੇਚਣ ਵੇਲੇ ਵੀ ਲੁੱਟਣਾ ਚਾਹੁੰਦੀ ਹੈ, ਕਿਉਂਕਿ ਕੰਪਨੀ ਨੇ ਪਾਵਰਕੌਮ ਨੂੰ ਥਰਮਲ ਵੇਚਣ ਲਈ ਜੋ ਕੀਮਤ ਦੀ ਪੇਸ਼ਕਸ਼ ਕੀਤੀ ਹੈ ਉਹ ਕਿਸੇ ਵੀ ਪੱਖੋਂ ਵਾਜਬ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇਕਰ ਥਰਮਲ ਨੂੰ ਕੰਪਨੀ ਦੇ ਤਜਵੀਜ਼ਤ ਭਾਅ ’ਤੇ ਖਰੀਦਿਆ ਗਿਆ ਤਾਂ ਕਰਜ਼ ’ਤੇ 9 ਫੀਸਦੀ ਸਾਲਾਨਾ ਵਿਆਜ ਦੇ ਹਿਸਾਬ ਨਾਲ ਪੀਐੱਸਪੀਸੀਐੱਲ ਨੂੰ ਸੰਭਾਵਤ ਤੌਰ ’ਤੇ 7000 ਕਰੋੜ ਰੁਪਏ ਤੋਂ 7500 ਕਰੋੜ ਰੁਪਏ ਵਾਧੂ ਦੇਣੇ ਹੋਣਗੇ ਅਤੇ ਇਸ ਦਾ ਬੋਝ ਪੰਜਾਬ ਦੇ ਖ਼ਪਤਕਾਰਾਂ ਸਿਰ ਪਵੇਗਾ।
ਲੋੜੋਂ ਵੱਧ ਮੁੱਲ ਦੱਸ ਰਹੀ ਹੈ ਕੰਪਨੀ: ਅਟਵਾਲ
ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਆਗਾਹ ਕੀਤਾ ਹੈ ਕਿ ਖ਼ਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਰੱਖਿਆ ਜਾਵੇ। ਲਿਹਾਜ਼ਾ, ਕੰਪਨੀ ਦੁਆਰਾ ਦੱਸ ਗਈ ਰਕਮ ਜੋ ਲਗਪਗ 7 ਕਰੋੜ ਪ੍ਰਤੀ ਮੈਗਾਵਾਟ ਬਣਦੀ ਹੈ, ਬਹੁਤ ਜ਼ਿਆਦਾ ਹੈ। ਉਨ੍ਹਾਂ ਆਖਿਆ ਕਿ ਹੋਰਨਾਂ ਰਾਜਾਂ ਵਿੱਚ ਬਿਜਲੀ ਪਲਾਂਟ ਬਹੁਤ ਘੱਟ ਖਰਚੇ ’ਤੇ ਬਣਾਏ ਗਏ ਸਨ। ਉਦਹਾਰਨ ਵਜੋਂ ਰਾਜੀਵ ਗਾਂਧੀ ਥਰਮਲ ਪਾਵਰ ਪ੍ਰਾਜੈਕਟ (ਆਰਜੀਟੀਪੀਪੀ), ਖੇਦੜ (ਹਿਸਾਰ) ਨੂੰ 2005 ਵਿੱਚ 4512 ਕਰੋੜ ਰੁਪਏ, 3.19 ਕਰੋੜ ਪ੍ਰਤੀ ਮੈਗਾਵਾਟ ਅਨੁਮਾਨਤ ਲਾਗਤ ਨਾਲ ਬਣਾਇਆ ਗਿਆ। ਸੀਐੱਲਪੀ ਝੱਜਰ (2 ਗੁਣਾ 600) ਨੂੰ 5700 ਕਰੋੜ ਭਾਵ 4.32 ਕਰੋੜ ਰੁਪਏ ਪ੍ਰਤੀ ਮੈਗਾਵਾਟ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਇਆ ਗਿਆ। ਜਦੋਂਕਿ ਐੱਲਐਂਡਟੀ ਨੂੰ ਰਾਜਪੁਰਾ ਥਰਮਲ ਪਲਾਂਟ ਉੱਚ ਸਮਰੱਥਾ ਹੋਣ ਕਾਰਨ ਇਸਦੀ ਕੀਮਤ ਕਿਤੇ ਘੱਟ ਹੋਣੀ ਚਾਹੀਦੀ ਸੀ। ਇਹ ਪਲਾਂਟ 6 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਕੰਪਨੀ ਨੇ ਕਾਫੀ ਪੈਸੇ ਕਮਾ ਵੀ ਲਏ ਹਨ।