ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ
ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਗਿੱਦੜਬਾਹਾ ਹਲਕਾ ਸੁਰਖੀਆਂ ਵਿੱਚ ਆ ਗਿਆ ਹੈ। ਮਹਿਜ਼ ਦੋ ਮਹੀਨਿਆਂ ਵਿੱਚ ਹੀ ਇੱਥੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਜੀਤ ਕੌਰ, ਅਨਮੋਲ ਗਗਨ ਮਾਨ ਕਈ ਗੇੜੇ ਲਾ ਚੁੱਕੇ ਹਨ ਤੇ ਇਸ ਦੌਰਾਨ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਜੁਲਾਈ ਵਿੱਚ ਮੁੱਖ ਮੰਤਰੀ ਨੇ 23 ਸੌ ਕਰੋੜ ਰੁਪਏ ਦਾ ‘ਮਾਲਵਾ ਨਹਿਰ’ ਦਾ ਪ੍ਰਾਜੈਕਟ ਪਿੰਡ ਦੋਦਾ ਵਿੱਚ ਐਲਾਨਿਆ ਸੀ।
ਅਗਸਤ ’ਚ ਪਿੰਡ ਭਲਾਈਆਣਾ ਵਿੱਚ ਤਿੰਨ ਰੋਜ਼ਾ ‘ਸੂਬਾਈ ਤੀਆਂ ਦਾ ਮੇਲਾ’ ਲਾਇਆ ਗਿਆ। ਇਸੇ ਮਹੀਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ‘ਆਪ’ ਵਿੱਚ ਸ਼ਾਮਲ ਕਰਦਿਆਂ ਸੀਵਰੇਜ ਤੇ ਪਾਣੀ ਲਈ ਕਈ ਪ੍ਰਾਜੈਕਟ ਪਾਸ ਕੀਤੇ। ਫਿਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਿੱਦੜਬਾਹਾ ’ਚ 12 ਕਰੋੜ ਰੁਪਏ ਦੀ ਲਾਗਤ ਵਾਲੇ 29 ਕੰਮਾਂ ਦੇ ਨੀਂਹ ਪੱਥਰ ਰੱਖੇ। ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਨੇ 18 ਕਰੋੜ 57 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਪਿੰਡ ਦੂਹੇਵਾਲਾ, ਮਧੀਰ, ਛੱਤੇਆਣਾ, ਦੋਦਾ, ਕਾਉਣੀ, ਕੋਟਲੀ ਅਬਲੂ, ਕੋਠੇ ਹਿੰਮਤਪੁਰਾ ਵਿੱਚ 130 ਕਿਲੋਮੀਟਰ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖੇ ਹਨ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜਗਦੀਪ ਸਿੰਘ ਕਾਕਾ ਬਰਾੜ, ਹਰਦੀਪ ਸਿੰਘ ਡਿੰਪੀ ਢਿੱਲੋਂ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ , ਚੇਅਰਮੈਨ ਮਾਰਕੀਟ ਕਮੇਟੀ ਪ੍ਰਿਤਪਾਲ ਸ਼ਰਮਾ, ਜਗਦੇਵ ਸਿੰਘ ਬਾਮ, ਜਸਵਿੰਦਰ ਸਿੰਘ ਬਬਲੂ ਮੁਕਤਸਰ ਤੇ ਜਸ਼ਨ ਬਰਾੜ ਵੀ ਮੌਜੂਦ ਸਨ।
ਨੇਮਾਂ ਦੇ ਉਲਟ ਕੀਤੇ ਜਾ ਰਹੇ ਨੇ ਕੰਮ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ’ਤੇ ‘ਆਪ’ ਸਰਕਾਰ ਦੀ ਨਜ਼ਰ-ਏ-ਇਨਾਇਤ ਨੂੰ ਨੇਮਾਂ ਦੇ ਉਲਟ ਕਰਾਰ ਦਿੰਦਿਆਂ ਕਿਹਾ ਕਿ ਗਿੱਦੜਬਾਹਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਆਂ ਜਾਂ ਰਹੀਆਂ ਪਾਈਪਾਂ ਅਤੇ ਸੀਵਰੇਜ ਨੂੰ ਬਿਨਾਂ ਨਗਰ ਕੌਂਸਲ ਦੀ ਸਹਿਮਤੀ ਦੇ ਪਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਰਜ ਕੀਤੀ ਜਾਵੇਗੀ, ਜਿਸ ਵਿੱਚ ‘ਟੇਡੇ’ ਢੰਗ ਨਾਲ ਨੀਂਹ ਪੱਥਰ ਰੱਖਣ ਵਾਲੇ ਮੰਤਰੀਆਂ ਦਾ ਵੇਰਵਾ ਦਰਜ ਹੋਵੇਗਾ।
ਗਿੱਦੜਬਾਹਾ ਦੇ ਲੋਕ ਦੇਣਗੇ ਜਵਾਬ: ਪ੍ਰਿਤਪਾਲ ਸ਼ਰਮਾ
ਗਿੱਦੜਬਾਹਾ ਦੇ ਹਲਕਾ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਰਾਜਾ ਵੜਿੰਗ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਰਾਜਾ ਵੜਿੰਗ ਨੇ ਖੁਦ ਵਿਧਾਇਕ ਹੁੰਦਿਆਂ ਹਲਕੇ ਦਾ ਕੋਈ ਕੰਮ ਨਹੀਂ ਕੀਤਾ ਤੇ ਜੇ ਹੁਣ ‘ਆਪ’ ਸਰਕਾਰ ਕੰਮ ਕਰਨ ਲੱਗੀ ਹੈ ਤਾਂ ਉਸ ਵਿੱਚ ਅੜਿੱਕੇ ਪਾ ਰਹੇ ਹਨ ਜੋ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਸਹਿਮਤੀ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਹੈ। ਰਾਜਾ ਵੜਿੰਗ ਗਿੱਦੜਬਾਹਾ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਾਈ ਜਨਹਿੱਤ ਪਟੀਸ਼ਨ ਪਾਉਣ ਦੀਆਂ ਗੱਲਾਂ ਕਰ ਰਹੇ ਹਨ, ਜਿਸ ਨਾਲ ਜਨਹਿੱਤ ਦੇ ਕੰਮ ਰੁਕਣਗੇ। ਹੁਣ ਇਸ ਦਾ ਫੈਸਲਾ ਗਿੱਦੜਬਾਹਾ ਦੇ ਲੋਕ ਹੀ ਕਰਨਗੇ।