ਚਰਨਜੀਤ ਭੁੱਲਰ
ਚੰਡੀਗੜ੍ਹ, 31 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ 90 ਫੀਸਦੀ ਯੋਗ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਸਮਾਜਿਕ ਸੁਰੱਖਿਆ ਪੈਨਸ਼ਨ ’ਚ ਵਾਧਾ ਵੀ ਵੱਡਾ ਚੋਣ ਵਾਅਦਾ ਸੀ। ਅੱਜ ਪੰਜਾਬ ਭਰ ’ਚ ਕਰੀਬ 400 ਸਮਾਗਮਾਂ ’ਚ ਵਿਧਾਇਕਾਂ/ਵਜ਼ੀਰਾਂ ਤੇ ਲੋਕ ਪ੍ਰਤੀਨਿਧਾਂ ਨੇ ਲਾਭਪਾਤਰੀਆਂ ਨੂੰ ਚੈੱਕ ਸੌਂਪੇ ਹਨ। ਮੁੱਖ ਮੰਤਰੀ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਅੱਜ ਪੈਨਸ਼ਨ ਵੰਡ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਤਿੰਨ ਗੁਣਾ ਵਧਾ ਕੇ 1500 ਰੁਪਏ ਕੀਤੀ ਗਈ ਹੈ। ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਨ੍ਹਾਂ ਦੀ 26ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ 547 ਚੋਣ ਵਾਅਦਿਆਂ ਵਿੱਚੋਂ 422 ਪਹਿਲਾਂ ਹੀ ਪੂਰੇ ਕੀਤੇ ਜਾ ਚੁੱਕੇ ਹਨ ਜਦਕਿ 52 ਅੰਸ਼ਿਕ ਰੂਪ ਵਿੱਚ ਅਤੇ 59 ਅਜੇ ਲਾਗੂ ਹੋਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ 14 ਵਾਅਦੇ ਲਾਗੂ ਕੀਤੇ ਜਾਣੇ ਮੁਸ਼ਕਲ ਹਨ ਕਿਉਂਕਿ ਇਨ੍ਹਾਂ ਦਾ ਸਬੰਧ ਵੈਟ ਨਾਲ ਹੈ ਜਿਸ ਦੀ ਥਾਂ ਹੁਣ ਜੀ.ਐੱਸ.ਟੀ. ਪ੍ਰਣਾਲੀ ਨੇ ਲੈ ਲਈ ਹੈ। ਸ਼ਗਨ ਸਕੀਮ (ਆਸ਼ੀਰਵਾਦ) ਤਹਿਤ ਰਕਮ ਪਹਿਲਾਂ ਹੀ ਵਧਾ ਕੇ 51000 ਰੁਪਏ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ‘ਕਿਸਾਨੀ ਕਰਜ਼ਾ ਰਾਹਤ’ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 4700 ਕਰੋੜ ਰੁਪਏ ਦੀ ਅਤੇ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸਮਾਰਟ ਫੋਨਾਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਐਸ.ਸੀ. ਸਕਾਲਰਸ਼ਿਪ ਸਕੀਮ ਪਹਿਲਾਂ ਹੀ ਮੁੜ ਚਾਲੂ ਕਰਨ ਦੀ ਗੱਲ ਵੀ ਕੀਤੀ।
ਉਨ੍ਹਾਂ ਕਿਹਾ ਕਿ ‘ਘਰ-ਘਰ ਨੌਕਰੀ’ ਵਜੋਂ 17 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 38 ਲੱਖ ਵਿਅਕਤੀਆਂ ਨੂੰ ਮੁਫ਼ਤ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਗਈ ਹੈ। ਅਮਰਿੰਦਰ ਨੇ ਅੱਜ ਅਗਾਮੀ ਫ਼ਸਲ ਦੀ ਗੱਲ ਕਰਦਿਆਂ ਕਿਹਾ ਕਿ ਅਗਲੇ ਸੀਜ਼ਨ ਵਿੱਚ ਮੰਡੀਆਂ ਵਿੱਚੋਂ ਇੱਕ-ਇੱਕ ਦਾਣਾ ਚੁੱਕਿਆ ਗਿਆ ਹੈ। ਮੁੱਖ ਮੰਤਰੀ ਨੇ 10 ਬਜ਼ੁਰਗ, ਵਿਧਵਾ, ਬੇਸਹਾਰਾ ਤੇ ਦਿਵਿਆਂਗ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈੱਕ ਵੰਡੇ। ਇਸ ਸਮੇਂ ਤਿੰਨ ਲਾਭਪਾਤਰੀਆਂ ਜਲੰਧਰ ਤੋਂ ਇਕ ਬਜ਼ੁਰਗ ਮਹਿਲਾ ਪਰਮਜੀਤ ਕੌਰ, ਪਟਿਆਲਾ ਤੋਂ ਵਿਧਵਾ ਮਹਿਲਾ ਮਮਤਾ ਰਾਣੀ ਅਤੇ ਗੁਰਦਾਸਪੁਰ ਤੋਂ ਦਿਵਿਆਂਗ ਵਿਅਕਤੀ ਇੰਦਰਜੀਤ ਸਿੰਘ ਨੇ ਮਹੀਨਾਵਾਰੀ ਪੈਨਸ਼ਨ ਦੁੱਗਣੀ ਵਧਾ ਕੇ 750 ਰੁਪਏ ਤੋਂ 1500 ਰੁਪਏ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਅੱਜ ਸਮਾਗਮਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਆਦਿ ਸ਼ਾਮਲ ਸਨ।