ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ(ਮੁਹਾਲੀ), 31 ਜੁਲਾਈ
ਪੰਜਾਬ ਵਿੱਚ ਸਿਹਤ ਮੰਤਰਾਲੇ ਤੇ ਸਰਕਾਰ ਵਿਚਾਲੇ ਤਾਲਮੇਲ ਕਥਿਤ ਤੌਰ ’ਤੇ ਨਾ ਹੋਣ ਕਾਰਨ ਕਰੋਨਾ ਨੇ ਹਾਲਾਤ ਵਿਗਾੜ ਦਿੱਤੇ ਹਨ। ਇਕ ਪਾਸੇ ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਿਥੇ ਰਾਜ ਵਿੱਚ ਜਿੰਮ ਨਾ ਖੋਲ੍ਹਣ ਦਾ ਐਲਾਨ ਕੀਤਾ, ਉਥੇ ਉਸ ਦੇ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਨੇ ਰਾਜ ਵਿੱਚ ਅਨਲੌਕ-3 ਦੌਰਾਨ ਜਿੰਮ ਤੇ ਯੋਗ ਸੈਂਟਰਾਂ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਸਾਫ਼ ਹੈ ਕਿ ਸਿਹਤ ਮੰਤਰਾਲਾ ਜਿਸ ਉਪਰ ਕਰੋਨਾ ਨੂੰ ਕਾਬੂ ਕਰਨ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈ, ਦੇ ਮੰਤਰੀ ਤੋਂ ਇਸ ਬਾਰੇ ਨੀਤੀ ਬਣਾਉਣ ਲਈ ਪੁੱਛਿਆ ਹੀ ਨਹੀਂ ਜਾ ਰਿਹਾ। ਸਿਹਤ ਮੰਤਰੀ ਨੇ ਅੱਜ ਰਾਏਕੋਟ ਵਿਖੇ ਕਿਹਾ ਸੀ ਕਿ ਪੰਜਾਬ ਅਜਿਹੀ ਸਥਿਤੀ ਵਿਚ ਨਹੀਂ ਹੈ ਕਿ ਜਿੰਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਜਿੰਮ ਵਿੱਚ ਪ੍ਰੈਕਟਿਸ ਕਰਦੇ ਸਮੇਂ ਗਰਮੀ ਜ਼ਿਆਦਾ ਆਉਂਦੀ ਹੈ ਤੇ ਜਿੰਮ ਵਿਚ ਇੱਕ ਵਿਅਕਤੀ ਔਸਤਨ 10 ਮਸ਼ੀਨਾਂ ਦੀ ਵਰਤੋਂ ਕਰਦਾ ਹੈ, ਜਿਸ ਕਾਰਨ ਕਰੋਨਾ ਦਾ ਫੈਲਾਅ ਹੋ ਸਕਦਾ ਹੈ। ਇਹ ਸੰਭਵ ਨਹੀਂ ਹੈ ਕਿ ਸਾਰੀਆਂ ਮਸ਼ੀਨਾਂ ਨੂੰ ਵਾਰ ਵਾਰ ਸੈਨੇਟਾਈਜ਼ ਕੀਤਾ ਜਾ ਸਕੇ। ਇਸੇ ਕਰਕੇ ਪੰਜਾਬ ਸਰਕਾਰ ਹਾਲ ਦੀ ਘੜੀ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਦੇ ਉਲਟ ਰਾਜ ਸਰਕਾਰ ਨੇ ਅਨਲੌਕ-3 ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਜਿੰਮ ਤੇ ਯੋਗ ਸੈਂਟਰਾਂ ਨੂੰ ਪੰਜ ਅਗਸਤ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ 5 ਅਗਸਤ ਤੱਕ ਦੇਖਦੇ ਹਾਂ ਕਿ ਹਾਲਾਤ ਕਿਵੇਂ ਰਹਿੰਦੇ ਹਨ ਅਤੇ ਜਿੰਮ ਖੋਲ੍ਹਣ ਦਾ ਫੈਸਲਾ ਹਾਲਾਤ ’ਤੇ ਨਿਰਭਰ ਕਰਦਾ ਹੈ।