ਨਵਕਿਰਨ ਸਿੰਘ
ਮਹਿਲ ਕਲਾਂ, 6 ਮਈ
ਪੰਜਾਬ ਸਰਕਾਰ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦਾ ਹਵਾਲਾ ਦੇ ਕੇ ਮਿੰਨੀ ਤਾਲਾਬੰਦੀ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰ ਰਹੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਵੀ ਕਰ ਰਹੀ ਹੈ ਪਰ ਹਕੀਕਤ ਇਹ ਹੈ ਪੰਜਾਬ ਸਰਕਾਰ ਦੀ ਕਰੋਨਾ ਟੈਸਟ ਸੈਂਪਲਿੰਗ ਸਬੰਧੀ ਕੀਤੀ ਜਾ ਰਹੀ ਜਾਂਚ ’ਤੇ ਹੀ ਸਵਾਲ ਉੱਠ ਰਹੇ ਹਨ। ਮਹਿਲ ਕਲਾਂ ਵਿਖੇ ਅੱਜ ਪੁਲੀਸ ਨਾਕੇ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਦੀ ਕਰੋਨਾ ਸਬੰਧੀ ਟੈਸਟਿੰਗ ਕੀਤੀ ਜਾ ਰਹੀ ਸੀ ਪਰ ਟੈਸਟ ਲੈਣ ਲਈ ਸੈਂਪਲ ਸਿਹਤ ਵਿਭਾਗ ਦੀ ਆਰਬੀਐੱਸਕੇ ਸਕੀਮ ਵਿੱਚ ਆਰਜ਼ੀ ਡਰਾਈਵਰ ਜਸਪਾਲ ਸਿੰਘ ਵੱਲੋਂ ਲਏ ਜਾ ਰਹੇ ਸਨ। ਡਰਾਈਵਰ ਵੱਲੋਂ ਸੈਂਪਲ ਲੈਣ ਸਬੰਧੀ ਸੀਐੱਚਸੀ ਮਹਿਲ ਕਲਾਂ ਦੇ ਐੱਸਐੱਮਓ ਡਾ. ਹਰਜਿੰਦਰ ਸਿੰਘ ਸੂਦ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਹੁਣੇ ਪਤਾ ਲੱਗਾ ਹੈ ਤੇ ਉੁਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਾਂਚ ਉਪਰੰਤ ਹੀ ਕੁੱਝ ਕਿਹਾ ਜਾ ਸਕਦਾ ਹੈ। ਸੈਂਪਲ ਲੈਣ ਗਈ ਟੀਮ ਦੇ ਹੈਲਥ ਵਰਕਰ ਬੂਟਾ ਸਿੰਘ ਨੇ ਕਿਹਾ ਕਿ ਟੀਮ ਸੈਂਪਲ ਲੈਣ ਗਈ ਸੀ ਅਤੇ ਐੱਨਐੱਚਐੱਮ ਕਰਮਚਾਰੀ ਹੜਤਾਲ ’ਤੇ ਹੋਣ ਕਾਰਨ ਕੰਮ ਦਾ ਬੋਝ ਜ਼ਿਆਦਾ ਹੈ, ਜਿਸ ਕਾਰਨ ਕੁੱਝ ਸੈਂਪਲ ਡਰਾਈਵਰ ਵੱਲੋਂ ਲਏ ਗਏ ਸਨ। ਡਰਾਈਵਰ ਰੋਜ਼ ਟੀਮ ਨਾਲ ਜਾਣ ਕਾਰਨ ਟਰੇਂਡ ਹੈ। ਇਸ ਤਰ੍ਹਾਂ ਸੈਂਪਲ ਲੈ ਰਹੇ ਡਰਾਈਵਰ ਦੀ ਜ਼ਿੰਦਗੀ ਵੀ ਜੋਖਮ ਵਿੱਚ ਪੈ ਰਹੀ ਹੈ ਕਿਉਂਕਿ ਉਸਨੂੰ ਪਹਿਨਣ ਲਈ ਪੀਪੀਈ ਕਿੱਟ ਵੀ ਨਹੀਂ ਦਿੱਤੀ ਗਈ ਤੇ ਨਾ ਹੀ ਮੂੰਹ ‘ਤੇ ਸ਼ੀਲਡ ਲਾਈ ਹੋਈ ਹੈ