ਪੱਤਰ ਪ੍ਰੇਰਕ
ਪਟਿਆਲਾ, 6 ਅਕਤੂਬਰ
ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦਾ ਹੈਲੀਕਾਪਟਰ ਦੂਜੇ ਸੂਬੇ ਦੇ ਸੱਤਾਧਾਰੀ ਆਗੂ ਨਹੀਂ ਵਰਤ ਸਕਦੇ। ਇਸ ਸਬੰਧੀ ਪੰਜਾਬ ਦਾ ਹਰਿਆਣਾ ਜਾਂ ਕਿਸੇ ਹੋਰ ਸੂਬੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਕਥਿਤ ਤੌਰ ’ਤੇ ਗੁਮਰਾਹ ਕੀਤਾ ਗਿਆ ਹੈ ਕਿ ਹਰਿਆਣਾ ਨਾਲ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੋਇਆ ਹੈ।
ਡਾ. ਗਾਂਧੀ ਨੇ ਅੱਜ ਇਕ ਆਰਟੀਆਈ ਦੇ ਹਵਾਲੇ ਨਾਲ ਮੀਡੀਆ ਨੂੰ ਕਿਹਾ ਕਿ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਵਿਚ ਸਪਸ਼ਟ ਹੋਇਆ ਹੈ ਕਿ ਪੰਜਾਬ ਦਾ ਹੈਲੀਕਾਪਟਰ ਵਰਤਣ ਲਈ ਕਿਸੇ ਵੀ ਸੂਬੇ ਨਾਲ ਕੋਈ ਸਮਝੌਤਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਦਾ ਕਾਫ਼ੀ ਵਿਵਾਦ ਹੋਇਆ ਸੀ। ਪੰਜਾਬ ਦੇ ਲੋਕਾਂ ਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਹਰਿਆਣੇ ਦੇ ਉਪ ਮੁੱਖ ਮੰਤਰੀ ਕਿਵੇਂ ਵਰਤ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਲੋਂ ਹਰਿਆਣਾ ਨੂੰ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ।