ਚੰਡੀਗੜ੍ਹ, 20 ਮਾਰਚ
ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਬੈਠੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਪਰਛਾਵੇਂ ਹੇਠੋਂ ਬਾਹਰ ਨਿਕਲਣ ਲੱਗੇ ਹਨ, ਜੋ ਸੂਬੇ ਲਈ ਬਹੁਤ ਚੰਗਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਅਜਿਹੇ ਮੁੱਖ ਮੰਤਰੀ ਦਾ ਹੱਕਦਾਰ ਹੈ, ਜੋ ਕਿਸੇ ਦੇ ਹੱਥ ਦੀ ਕੱਠਪੁਤਲੀ ਹੋਣ ਦੀ ਥਾਂ ਨਿਰਪੱਖ ਹੋਵੇ ਤੇ ਖੁਦ ਫ਼ੈਸਲੇ ਲੈਂਦਾ ਹੋਵੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਲੰਘੇ ਦਿਨ ਦੇ ਹਲਫ਼ਦਾਰੀ ਸਮਾਗਮ ਦੀ ਤਸਵੀਰ ਟੈਗ ਕਰ ਕੇ ਕੀਤੇ ਟਵੀਟ ਵਿੱਚ ਕਿਹਾ, ‘‘ਇਸ ਵਿੱਚ ਵੱਡੇ ਆਗੂ ਨਹੀਂ ਹਨ, ਦਿੱਲੀ ਬੈਠੇ ਆਕਾਵਾਂ ਦਾ ਫ਼ਿਕਰ ਵਧ ਗਿਆ ਹੋਵੇਗਾ। ਪੰਜਾਬ ਨੂੰ ਇਕ ਅਜਿਹੇ ਮੁੱਖ ਮੰਤਰੀ ਦੀ ਲੋੜ ਸੀ, ਜੋ ਕਿਸੇ ਦੇ ਹੱਥਾਂ ਦੀ ਕੱਠਪੁਤਲੀ ਨਾ ਹੋ ਕੇ ਖ਼ੁਦਮੁਖਤਾਰ ਹੋਵੇ।’’ ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਦਸ ਮੰਤਰੀਆਂ ਨੇ ਸ਼ਨਿੱਚਰਵਾਰ ਨੂੰ ਸਹੁੰ ਚੁੱਕੀ ਸੀ ਤੇ ਇਸ ਦੌਰਾਨ ਦਿੱਲੀ ਦੇ ਵੱਡੇ ਆਗੂ ਗੈਰਹਾਜ਼ਰ ਸਨ। -ਪੀਟੀਆਈ