ਜਸਬੀਰ ਸਿੰਘ ਚਾਨਾ
ਫਗਵਾੜਾ, 27 ਜਨਵਰੀ
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਟਿਕਟਾਂ ਦੇ ਮਾਮਲੇ ’ਚ ਆਪਣੇ ਹੀ ਕੀਤੇ ਵਾਅਦੇ ’ਤੇ ਖਰਾ ਨਾ ਉੱਤਰ ਕੇ ਔਰਤਾਂ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਮਹਿਲਾ ਕਾਂਗਰਸ ਆਗੂ ਤੇ ਵਰਕਰਾਂ ਆਪਣੇ ਘਰਾਂ ਅੰਦਰ ਬੈਠ ਗਈਆਂ ਹਨ ਤੇ ਇਸ ਦਾ ਖਮਿਆਜ਼ਾ ਹੁਣ ਪਾਰਟੀ ਨੂੰ ਵੋਟਾਂ ’ਚ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਗਾਂਧੀ ਨੇ ਔਰਤਾਂ ਨੂੰ 40 ਫ਼ੀਸਦੀ ਸੀਟਾਂ ਦੇਣ ਦਾ ਐਲਾਨ ਕੀਤਾ ਸੀ ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 40 ਦੀ ਥਾਂ 50 ਫੀਸਦੀ ਟਿਕਟਾਂ ਦੇਣ ਦਾ ਐਲਾਨ ਕੀਤਾ ਸੀ ਪਰ ਟਿਕਟਾਂ ਐਲਾਨਣ ਦੌਰਾਨ ਉਨ੍ਹਾਂ ਦੇ ਵਾਅਦੇ ਸੁਪਨੇ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ’ਚ 9 ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿਚ ਮਹਿਲਾ ਕਾਂਗਰਸ ਦੀ ਕਿਸੇ ਵੀ ਅਹੁਦੇਦਾਰ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦਿਹਾਤੀ ਦੀ ਪ੍ਰਧਾਨ ਸਤਿੰਦਰ ਕੌਰ ਪਿਛਲੀਆਂ ਚੋਣਾਂ 22 ਹਜ਼ਾਰ ਵੋਟਾਂ ਨਾਲ ਜਿੱਤੀ ਸੀ ਪਰ ਉਸ ਦੀ ਟਿਕਟ ਕੱਟ ਕੇ ‘ਆਪ’ ’ਚੋਂ ਲਿਆਂਦੇ ਆਗੂ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਜਸਲੀਨ ਸੇਠੀ, ਗੁਰਸ਼ਰਨ ਕੌਰ ਪਟਿਆਲਾ ਤੇ ਸਤਵਿੰਦਰ ਬਿੱਟੀ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਖੁਦ ਤੇ ਉਨ੍ਹਾਂ ਦਾ ਪਤੀ ਲੰਬੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਵੀ ਅੱਖੋਂ ਓਹਲੇ ਕੀਤਾ ਗਿਆ ਹੈ।