ਨਵੀਂ ਦਿੱਲੀ: ਪੰਜਾਬ ਦੇ ਦੋ ਕਾਰੋਬਾਰਾਂ ਉਤੇ ਛਾਪੇ ਮਾਰਨ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਕਰੀਬ 130 ਕਰੋੜ ਰੁਪਏ ਦੀ ਅਜਿਹੀ ਆਮਦਨ ਦੀ ਸ਼ਨਾਖ਼ਤ ਕੀਤੀ ਹੈ ਜਿਸ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਕ ਕਾਰੋਬਾਰ ਸਾਈਕਲ ਨਿਰਮਾਣ ਤੇ ਦੂਜਾ ਆਵਾਸ ਤੇ ਵਿਦਿਆਰਥੀ ਵੀਜ਼ਾ ਸੇਵਾਵਾਂ ਨਾਲ ਜੁੜਿਆ ਹੋਇਆ ਹੈ। ਸਾਈਕਲ ਉਦਯੋਗ ਉਤੇ ਛਾਪੇ 21 ਅਕਤੂਬਰ ਨੂੰ ਮਾਰੇ ਗਏ ਸਨ। ਵਿਭਾਗ ਨੂੰ 2.25 ਕਰੋੜ ਰੁਪਏ ਨਗ਼ਦ ਤੇ ਦੋ ਕਰੋੜ ਰੁਪਏ ਦਾ ਸੋਨਾ ਵੀ ਮਿਲਿਆ ਹੈ। ਇਸ ਦਾ ਕੋਈ ਲੇਖਾ-ਜੋਖਾ ਨਹੀਂ ਹੈ। ਕੇਂਦਰੀ ਟੈਕਸ ਬੋਰਡ ਮੁਤਾਬਕ ਗਰੁੱਪ ਆਮਦਨ ਲੁਕੋ ਰਹੇ ਸਨ ਤੇ ਜਾਅਲੀ ਲੈਣ-ਦੇਣ ਦਿਖਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਟਰਨਓਵਰ ਨਾਲ ਵੀ ਛੇੜਛਾੜ ਹੋਈ ਹੈ। ਆਵਾਸ ਤੇ ਸਟੱਡੀ ਵੀਜ਼ਾ ਗਰੁੱਪ ਜਲੰਧਰ ਨਾਲ ਸਬੰਧਤ ਹੈ। ਟੈਕਸ ਬੋਰਡ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ 200 ਕਰੋੜ ਦਾ ਲੈਣ-ਦੇਣ ਹੋਇਆ ਹੈ। ਮੁਲਾਜ਼ਮਾਂ ਦੇ ਖਾਤੇ ਪੈਸੇ ਲੈਣ ਲਈ ਵਰਤੇ ਜਾ ਰਹੇ ਸਨ ਤੇ ਮਗਰੋਂ ਕਢਵਾ ਲਏ ਜਾਂਦੇ ਸਨ। ਆਮਦਨ ਕਰ ਵਿਭਾਗ ਨੇ ਕਿਹਾ ਕਿ ਇਸ ਤਰ੍ਹਾਂ ਜਿਹੜਾ ਲਾਭ ਕਮਾਇਆ ਗਿਆ ਹੈ, ਉਸ ਨੂੰ ਰਿਟਰਨਾਂ ਵਿਚ ਨਹੀਂ ਦਿਖਾਇਆ ਗਿਆ। ਸਿਰਫ਼ ਵਿਦੇਸ਼ੀ ’ਵਰਸਿਟੀਆਂ ਤੋਂ ਲਿਆ ਗਿਆ ਕਮਿਸ਼ਨ ਹੀ ਆਈਟੀਆਰ ਵਿਚ ਦਿਖਾਇਆ ਗਿਆ ਹੈ। -ਪੀਟੀਆਈ