ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਚਾਇਤੀ ਚੋਣਾਂ ਦਰਮਿਆਨ ਪੰਜਾਬ ਵਜ਼ਾਰਤ ਦੀ ਭਲਕੇ ਚੰਡੀਗੜ੍ਹ ਵਿੱਚ ਮੀਟਿੰਗ ਹੋ ਰਹੀ ਹੈ, ਜਿਸ ’ਚ ਐਤਕੀਂ ਬਦਲੇ ਹੋਏ ਸਿਆਸੀ ਰੰਗ ਦਿਸਣਗੇ। ਨਵੇਂ ਬਣੇ ਪੰਜ ਕੈਬਨਿਟ ਵਜ਼ੀਰਾਂ ਦੀ ਇਹ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ। ਇਨ੍ਹਾਂ ’ਚ ਤਰਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ, ਡਾ. ਰਵੀਜੋਤ ਸਿੰਘ ਤੇ ਮਹਿੰਦਰ ਭਗਤ ਸ਼ਾਮਲ ਹਨ। ਪਿਛਲੇ ਸਮੇਂ ਦੌਰਾਨ ਚਾਰ ਵਜ਼ੀਰਾਂ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ ਅਤੇ ਬ੍ਰਮ ਸ਼ੰਕਰ ਜਿੰਪਾ ਦੀ ਛੁੱਟੀ ਹੋ ਗਈ ਸੀ, ਇਸ ਕਰਕੇ ਕੈਬਨਿਟ ਵਿੱਚ ਇਸ ਵਾਰ ਨਵੇਂ ਚਿਹਰੇ ਨਜ਼ਰ ਆਉਣਗੇ।
ਪੰਜਾਬ ਵਜ਼ਾਰਤ ਦੀ ਮੀਟਿੰਗ ਪਹਿਲਾਂ ਜਲੰਧਰ ਵਿੱਚ ਰੱਖੀ ਗਈ ਸੀ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ’ਚ ਹੋਵੇਗੀ। ਪੰਜਾਬ ਦੇ ਬਹੁਤੇ ਮੰਤਰੀ ਇਸ ਵੇਲੇ ਪੰਚਾਇਤ ਚੋਣਾਂ ਵਿੱਚ ਉਲਝੇ ਹੋਏ ਹਨ, ਜਦੋਂ ਕਿ ਕੁੱਝ ਵਜ਼ੀਰਾਂ ਦੇ ਅੱਜ ਦਿੱਲੀ ’ਚ ਹੋਣ ਦੀ ਖ਼ਬਰ ਹੈ। ਪੰਚਾਇਤ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਜਿਸ ਕਰਕੇ ਭਲਕੇ ਕੈਬਨਿਟ ਮੀਟਿੰਗ ਵਿਚ ਕੋਈ ਅਹਿਮ ਫ਼ੈਸਲਾ ਲਏ ਜਾਣ ਦੀ ਘੱਟ ਸੰਭਾਵਨਾ ਹੈ। ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਹੈ। ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸਿਆਸੀ ਹਿਲਜੁਲ ਦਾ ਮਾਹੌਲ ਚੱਲ ਰਿਹਾ ਹੈ, ਜਿਸ ਕਰਕੇ ਸਿਆਸੀ ਨਜ਼ਰੀਏ ਤੋਂ ਇਹ ਕੈਬਨਿਟ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ‘ਮੁੱਖ ਮੰਤਰੀ ਦੀ ਯੋਗਸ਼ਾਲਾ’ ਪ੍ਰੋਗਰਾਮ ਵਿਚ ਵਿਸਥਾਰ ਕੀਤੇ ਜਾਣ ਦਾ ਏਜੰਡਾ ਭਲਕੇ ਕੈਬਨਿਟ ਮੀਟਿੰਗ ’ਚ ਆ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਣਾ ਹੈ ਅਤੇ ਇਸ ’ਤੇ ਮੀਟਿੰਗ ਵਿੱਚ ਚਰਚਾ ਹੋਣੀ ਹੈ। ਇਸੇ ਤਰ੍ਹਾਂ ਕੁੱਝ ਹੋਰ ਏਜੰਡੇ ਆਉਣੇ ਹਨ ਜਿਹੜੇ ਹਾਲੇ ਤੱਕ ਵਜ਼ੀਰਾਂ ਤੱਕ ਪੁੱਜੇ ਨਹੀਂ ਹਨ। ਪੰਜਾਬ ਕੈਬਨਿਟ ਦੀ ਪਿਛਲੀ ਮੀਟਿੰਗ ਕਰੀਬ ਮਹੀਨਾ ਪਹਿਲਾਂ ਹੋਈ ਸੀ। ਪੰਜਾਬ ਦੇ ਕਈ ਉੱਚ ਅਧਿਕਾਰੀ ਵੀ ਭਲਕ ਦੀ ਕੈਬਨਿਟ ਮੀਟਿੰਗ ਦੇ ਏਜੰਡੇ ਤੋਂ ਬੇਖ਼ਬਰ ਹਨ।