ਸ਼ਗਨ ਕਟਾਰੀਆ
ਬਠਿੰਡਾ, 25 ਦਸੰਬਰ
‘ਪੰਜਾਬ ਦੇ ਕਿਸਾਨ ਅੰਦੋਲਨ ਨੇ ਮੁਲਕ ’ਚ ਕੌਮੀ ਲੋਕ ਅੰਦੋਲਨ ਦਾ ਨਵਾਂ ਰਾਹ ਸਿਰਜਿਆ ਹੈ ਜੋ ਸਾਰੇ ਦੇਸ਼ ਦੀਆਂ ਸ਼ੰਘਰਸ਼ੀਲ ਧਿਰਾਂ ਲਈ ਰਾਹ ਦਸੇਰਾ ਹੈ। ਮੁਲਕ ਦੀ ਸੱਤਾਧਾਰੀ ਧਿਰ ਭਾਵੇਂ ਇਸ ਅੰਦੋਲਨ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਬਦਨਾਮ ਕਰਕੇ ਨਿਖੇੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਅੰਦੋਲਨ ਦੀ ਸਮਾਜਿਕ, ਪ੍ਰਾਂਤਕ, ਭਾਸ਼ਾਈ ਤੇ ਧਾਰਮਿਕ ਵਿਭਿੰਨਤਾ ਦੀ ਸਾਂਝ ਨੇ ਇਸ ਕਿਸਾਨ ਅੰਦੋਲਨ ਨੂੰ ਕੌਮੀ ਲੋਕ ਅੰਦੋਲਨ ਵਿੱਚ ਬਦਲ ਦਿੱਤਾ ਹੈ।’ ਇਹ ਸ਼ਬਦ ਪੀਪਲਜ਼ ਲਿਟਰੇਰੀ ਫੈਸਟੀਵਲ ਵਿੱਚ ਕੁੰਜੀਵਤ ਭਾਸ਼ਨ ਦੌਰਾਨ ਆਲ ਇੰਡੀਆ ਪ੍ਰਗਤੀਸ਼ੀਲ ਵਿਮੈਨ ਐਸੋਸੀਏਸ਼ਨ ਦੀ ਸਕੱਤਰ ਕਾਮਰੇਡ ਕਵਿਤਾ ਕ੍ਰਿਸ਼ਨਨ ਨੇ ਕਹੇ। ਇਸ ਤੋਂ ਪਹਿਲਾਂ ਫੈਸਟੀਵਲ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਕਿ ਅਜਿਹੇ ਲਿਟਰੇਰੀ ਫੈਸਟੀਵਲ ਵੱਡੇ ਲੋਕ ਅੰਦਲੋਨ ਖੜ੍ਹੇ ਕਰਨ ਵਿੱਚ ਲੋਕ ਚੇਤਨਾ ਪੈਦਾ ਕਰਨ ਦਾ ਮੁੱਢਲਾ ਰੋਲ ਅਦਾ ਕਰਦੇ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕੌਮੀ ਪੱਧਰ ’ਤੇ ਸਦਾ ਲੋਕ ਅੰਦੋਲਨਾਂ ਦੀ ਅਗਵਾਈ ਕਰਦਾ ਰਿਹਾ ਹੈ। ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸੈਸ਼ਨ ਦਾ ਸੰਚਾਲਨ ਸਟਾਲਿਨਜੀਤ ਬਰਾੜ ਨੇ ਕੀਤਾ। ਇਸ ਮੌਕੇ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੀ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਦੀ ਪੁਸਤਕ ਵੈਨ ਡਾ. ਸੁਰਜੀਤ ਪਾਤਰ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ। ਇਸ ਮੌਕੇ ‘ਸੁਪਨ ਸਕੀਰੀ’ (ਤਰਨਦੀਲ ਦਿਓਲ), ‘ਆਕਰਸ਼ਨ ਦਾ ਸਿਧਾਂਤ’ (ਰਿਸ਼ੀ ਗੁਲਾਟੀ) ਅਤੇ ‘ਸਿੱਖ ਪਾਇਨਿਅਰਜ਼ ਤੋਂ ਕਾਲੀਧਾਰ ਪਲਟਨ’ (ਕਰਨਲ ਬਲਬੀਰ ਸਿੰਘ ਸਰਾਂ) ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਦੂਜੇ ਸੈਸ਼ਨ ਵਿੱਚ ਡਾ. ਲਾਭ ਸਿੰਘ ਦੀ ਪ੍ਰਧਾਨਗੀ ਹੇਠ ਡਾ. ਸੁਖਪਾਲ ਸੰਘੇੜਾ ਦੀ ਪੁਸਤਕ ‘ਮੱਧਕਾਲੀ ਪੰਜਾਬ ਦੀ ਜਾਗ੍ਰਤੀ ਲਹਿਰ’ ਅਤੇ ਰਾਜਪਾਲ ਸਿੰਘ ਦੀ ਪੁਸਤਕ ‘ਬਦਲਦੇ ਸੰਸਾਰ ਵਿਚ ਮਾਰਕਸਵਾਦ’ ’ਤੇ ਵਿਚਾਰ ਚਰਚਾ ਕੀਤੀ ਗਈ। ਇਸੇ ਦੌਰਾਨ ਗੁਰਪ੍ਰੀਤ ਆਰਟਿਸਟ ਬਠਿੰਡਾ ਵੱਲੋਂ ਚਿੱਤਰ ਪ੍ਰਦਰਸ਼ਨੀ ਲਾਈ ਗਈ। ਪੁਸਤਕ ਪ੍ਰਦਰਸ਼ਨੀ ਚੇਤਨਾ ਪ੍ਰਕਾਸ਼ਨ, ਜਨਚੇਤਨਾ, ਆਟਮ ਆਰਟ, ਤਰਕਭਾਰਤੀ, ਤਰਕਸ਼ੀਲ ਸੁਸਾਇਟੀ ਪੰਜਾਬ, ਠੇਕਾ ਕਿਤਾਬ, ਕੈਲੀਬਰ ਪ੍ਰਕਾਸ਼ਨ ਦੇ ਸਟਾਲਾਂ ’ਤੇ ਸਾਹਿਤ ਪ੍ਰੇਮੀਆਂ ਨੇ ਪੁਸਤਕਾਂ ਖਰੀਦੀਆਂ। ਇਸ ਮੌਕੇ ਸੁਖਦਰਸ਼ਨ ਨੱਤ, ਬਲਬੀਰ ਪਰਵਾਨਾ, ਜਸਪਾਲ ਮਾਨਖੇੜਾ, ਸੁਭਾਸ਼ ਪਰਿਹਾਰ, ਸ਼ੁਭਪ੍ਰੇਮ ਬਰਾੜ, ਪਰਮਜੀਤ ਰੋਮਾਣਾ, ਜੇਸੀ ਪਰਿੰਦਾ, ਸੁਰਿੰਦਰਪ੍ਰੀਤ ਘਣੀਆਂ, ਐੱਨਕੇ ਜੀਤ, ਭੋਲਾ ਸਿੰਘ ਸੰਘੇੜਾ ਅਤੇ ਹੋਰ ਹਾਜ਼ਰ ਸਨ।