ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਅਗਸਤ
ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਦੋ ਨਸ਼ਾ ਤਸਕਰ ਗਰੋਹਾਂ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 77 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੁਣ ਤੱਕ ਬਰਾਮਦ ਕੀਤੀ ਗਈ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਹੈ। ਮੁਲਜ਼ਮਾਂ ਕੋਲੋਂ ਦੋ ਪਿਸਟਲ 9 ਐੱਮਐੱਮ ਸਮੇਤ ਚਾਰ ਮੈਗਜ਼ੀਨ ਤੇ ਸੌ ਰੌਂਦ, ਇੱਕ ਪਿਸਟਲ .30 ਬੋਰ ਸਮੇਤ ਦੋ ਮੈਗਜ਼ੀਨ ਅਤੇ 15 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 539 ਕਰੋੜ ਰੁਪਏ ਦੱਸੀ ਜਾਂਦੀ ਹੈ। ਨਸ਼ੇ ਦੀ ਇਹ ਖੇਪ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਪਲਾਈ ਕੀਤੀ ਜਾਣੀ ਸੀ। ਫੜੇ ਗਏ ਮੁਲਜ਼ਮਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਸਥਾਨਕ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਇਸ ਬਰਾਮਦਗੀ ਲਈ ਉਚੇਚੇ ਤੌਰ ’ਤੇ ਵਧਾਈ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਗੱਗਾ ਗਿੱਲ ਉਰਫ਼ ਕਾਲੀ ਵਾਸੀ ਪਿੰਡ ਬਾਰੇ ਕੇ ਜ਼ਿਲ੍ਹਾ ਫ਼ਿਰੋਜ਼ਪੁਰ, ਵੀਰ ਸਿੰਘ ਉਰਫ਼ ਵੀਰੂ ਵਾਸੀ ਪਿੰਡ ਮੁਹਾਰ ਸੋਨਾ ਫ਼ਾਜ਼ਿਲਕਾ, ਜਸਪਿੰਦਰ ਸਿੰਘ ਉਰਫ਼ ਭਿੰਦਾ ਅਤੇ ਜਗਦੀਪ ਸਿੰਘ ਉਰਫ਼ ਭੁੱਚਰ ਵਾਸੀ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਜੋਂ ਕੀਤੀ ਗਈ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਐੱਸਐੱਸਓਸੀ ਫ਼ਾਜ਼ਿਲਕਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਗਿਰਫ਼ਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।