ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਅਪਰੈਲ
ਪੰਜਾਬ ਸਰਕਾਰ ਦੀ ਐਂਟੀਕੁਰੱਪਸ਼ਨ ਐਕਸ਼ਨ ਲਾਈਨ ਰਾਹੀਂ ਪੋਰਟਲ ’ਤੇ ਪ੍ਰਾਪਤ ਹੋਈ ਇੱਕ ਸ਼ਿਕਾਇਤ ਦੀ ਪੜਤਾਲ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਸੰਜੀਵ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਈਓਡਬਲਿਊ ਵਿੰਗ ਧੂਰੀ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਨੇ ਰਿਸ਼ਵਤ ਮੰਗੀ ਸੀ। ਉਕਤ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੰਦੀਪ ਸਿੰਘ ਵਾਸੀ ਪਿੰਡ ਹੇੜੀਕੇ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਥਾਣਾ ਸ਼ੇਰਪੁਰ ’ਚ ਮੁਕੱਦਮੇ ਦਾ ਚਲਾਨ ਚੈੱਕ ਕਰਵਾਉਣ ਤੇ ਧਾਰਾ 498ਏ ਆਈਪੀਸੀ ਘਟਾਉਣ ਲਈ ਏਐੱਸਆਈ ਸੰਜੀਵ ਕੁਮਾਰ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ।