ਖਰਗੋਨ (ਮੱਧ ਪ੍ਰਦੇਸ਼), 4 ਸਤੰਬਰ
ਪੰਜਾਬ ਪੁਲੀਸ ਨੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਤਿੰਨ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 63 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਸਬ-ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ, ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਪਿਸਤੌਲ ਸਪਲਾਈ ਕਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 24 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਦੀ ਪੁਲੀਸ ਟੀਮ ਨੇ ਸ਼ਨਿਚਰਵਾਰ ਨੂੰ ਖਰਗੋਨ ਦੇ ਕਾਜਲਪੁਰਾ ਰੋਡ ਤੋਂ ਕੈਲਾਸ਼ ਸਿੰਘ, ਸੋਨੂੰ ਸਿੰਘ ਅਤੇ ਗੋਰੇਲਾਲ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 63 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜੈ ਸ਼ਰਮਾ ਅਤੇ ਦੀਪਕ ਪ੍ਰਤਾਪ ਨਾਂ ਦੇ ਦੋ ਹੋਰ ਵਿਅਕਤੀਆਂ ਨੂੰ ਪਿਛਲੇ ਮਹੀਨੇ ਚਾਰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛ ਪੜਤਾਲ ਦੌਰਾਨ ਦੋਵਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਪਿਸਤੌਲ ਖਰੀਦੇ ਗਏ ਸਨ। ਖਰਗੋਨ ਦੇ ਪੁਲੀਸ ਸੁਪਰਡੈਂਟ ਧਰਮਵੀਰ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਇੱਥੇ ਆਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਨੇ ਗ੍ਰਿਫਤਾਰੀਆਂ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।