ਚੰਡੀਗੜ੍ਹ, 13 ਜਨਵਰੀ
ਪੰਜਾਬ ਪੁਲੀਸ ਨੇ ਪਠਾਨਕੋਟ ਵਿੱਚ ਗ੍ਰਿਨੇਡ ਹਮਲਿਆਂ ਦੇ ਮੁਲਜ਼ਮ ਅਮਨਦੀਪ ਕੁਮਾਰ ਉਰਫ ਮੰਤਰੀ ਵਾਸੀ ਪਿੰਡ ਲਖਣਪਾਲ (ਜ਼ਿਲ੍ਹਾ ਗੁਰਦਾਸਪੁਰ) ਦੀ ਨਿਸ਼ਾਨਦੇਹੀ ’ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਢਾਈ ਕਿਲੋ ਆਰਡੀਐੱਕਸ ਸਣੇ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੰਜਾਬ ਪੁਲੀਸ ਦੇ ਮੁਖੀ ਵੀ. ਕੇ. ਭਾਵੜਾ ਨੇ ਵੀਰਵਾਰ ਨੂੰ ਦੱਸਿਆ ਕਿ ਪੁਲੀਸ ਨੇ ਇਸ ਤੋਂ ਇਲਾਵਾ ਇਕ ਡੈਟੋਨੇਟਰ, ਇਕ ਡੈਟੋਨੇਟਿੰਗ ਤਾਰ, ਧਮਾਕਾਖੇਜ਼ ਸਮੱਗਰੀ ਦੇ ਪੰਜ ਫਿਊਜ਼ (ਤਾਰਾਂ ਸਮੇਤ) ਅਤੇ ਏਕੇ-47 ਰਾਈਫਲ ਦੀਆਂ 12 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਅਮਨਦੀਪ ਕੁਮਾਰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਉਨ੍ਹਾਂ ਛੇ ਕਾਰਕੁਨਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਪੁਲੀਸ ਨੇ ਸੋਮਵਾਰ ਨੂੰ ਗ੍ਰਿਫ਼਼ਤਾਰ ਕੀਤਾ ਸੀ। ਉਸ ਨੇ ਮੰਨਿਆ ਉਸ ਨੇ ਪਠਾਨਕੋਟ ਵਿੱਚ ਦੋ ਥਾਵਾਂ ਗ੍ਰਿਨੇਡ ਹਮਲੇ ਕੀਤੇ ਸਨ। ਸ਼ਹੀਦ ਭਗਤ ਸਿੰਘ ਨਗਰ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਵੱਲੋਂ ਕੀਤੇ ਗਏ ਖੁਲਾਸੇ ਮਗਰੋਂ ਪੁਲੀਸ ਦੀਆਂ ਟੀਮਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਭੇਜੀਆਂ ਗਈਆਂ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ। -ਪੀਟੀਆਈ