ਮਿਹਰ ਸਿੰਘ
ਕੁਰਾਲੀ, 2 ਜੂਨ
‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਸ਼ਹਿਰ ਦਾ ਦੌਰਾ ਕਰਦਿਆਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਵਿੱਚ ‘ਆਪ’ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤੇ ਪਾਰਟੀ ਵੱਲੋਂ ਵੀ ਇੱਕ-ਇੱਕ ਵੋਟ ’ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਵੀ ਆਪਣਾ ਹਲਕਾ ਛੱਡ ਕੇ ਆਨੰਦਪੁਰ ਸਾਹਿਬ ਹਲਕੇ ਵਿੱਚ ਆਪਣੀ ਵੋਟ ਪਾ ਕੇ ਗਏ ਹਨ। ਪੂਰੇ ਪੰਜਾਬ ਵਿੱਚ ਲੋਕਾਂ ਵੱਲੋਂ ‘ਆਪ’ ਨੂੰ ਹੁੰਗਾਰਾ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਸ੍ਰੀ ਕੰਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸੁਹਿਰਦ ਵੋਟਰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ’ਚ ਪਾ ਕੇ ਪਾਰਟੀ ਨੂੰ ਹੂੰਝਾਫੇਰ ਜਿੱਤ ਦਿਵਾਉਣਗੇ।
ਇਸ ਦੌਰਾਨ ਸ੍ਰੀ ਕੰਗ ਨੇ ਆਨੰਦਪੁਰ ਸਾਹਿਬ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਤਿ ਦੀ ਗਰਮੀ ਵਿੱਚ ਘਰਾਂ ਤੋਂ ਨਿਕਲ ਕੇ ਲੋਕਤੰਤਰ ਨੂੰ ਬਚਾਉਣ ਲਈ ‘ਆਪ’ ਵੱਲੋਂ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਪਾਰਟੀ ਆਗੂਆਂ ਤੇ ਵਾਲੰਟੀਅਰਾਂ ਵੱਲੋਂ ਮਿਲੇ ਸਹਿਯੋਗ ਅਤੇ ਚੋਣ ਪ੍ਰਚਾਰ ਵਿੱਚ ਪਾਏ ਯੋਗਦਾਨ ਤੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀ ਪਾਲ ਬਾਂਸਲ, ਡਾ. ਅਸ਼ਵਨੀ ਸ਼ਰਮਾ, ਪਰਦੀਪ ਰੂੜਾ, ਕੌਂਸਲਰ ਖੁਸ਼ਵੀਰ ਸਿੰਘ ਹੈਪੀ ਅਤੇ ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਮੌਜੂਦ ਸਨ।