ਮਨੋਜ ਸ਼ਰਮਾ
ਬਠਿੰਡਾ, 15 ਮਈ
ਅੱਜ ਇਥੇ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਗੇਟ ਰੈਲੀਆ ਕੀਤੀਆਂ ਗਈਆਂ। ਇਸ ਮੌਕੇ ਪੀਆਰਟੀਸੀ ਬਠਿੰਡਾ ਡਿਪੂ ਦੇ ਗੇਟ ’ਤੇ ਡਿਪੂ ਪ੍ਰਧਾਨ ਗੁਰਸਿਕੰਦਰ ਸਿੰਘ, ਡਿਪੂ ਮੀਤ ਪ੍ਰਧਾਨ ਗੁਰਦੀਪ ਸਿੰਘ ਤੇ ਸੈਕਟਰੀ ਸਰਬਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਰੋਡਵੇਜ਼ /ਪਨਬੱਸ ਅਤੇ ਪੀਆਰਪੀਸੀ ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬ ਦਾ ਖਜ਼ਾਨਾ ਭਰਨ ਵਾਲੇ ਕਮਾਊ ਮਹਿਕਮੇ ਨੂੰ ਪੰਜਾਬ ਸਰਕਾਰ ਵਲੋਂ ਬੰਦ ਕਰਨ ਦੀਆਂ ਮਾਰੂ ਨੀਤੀਆਂ ਤਹਿਤ ਟਰਾਂਸਪੋਰਟ ਮਾਫੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ 14-15 ਸਾਲ ਆਊਟ ਸੋਰਸਿੰਗ ਅਤੇ ਕੰਟਰੈਕਟ ਤੇ ਕੰਮ ਕਰਦਿਆ ਹੋ ਗਿਆ ਹੈ ਪਰ ਨੂੰ ਪੱਕਾ ਕਰਨਾ ਤਾਂ ਇੱਕ ਪਾਸੇ ਕਰੋਨਾ ਮਹਾਂਮਾਰੀ ਵਿੱਚ ਡਿਊਟੀਆਂ ਨਿਭਾਉਂਦੇ ਸਮੇਂ ਡਿਊਟੀ ਤੇ ਜਾਨਾਂ ਕੁਰਬਾਨ ਕਰ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ 19 ਮਈ ਨੂੰ ਜਨਤਾ ਦੀ ਕਚਿਹਰੀ ਵਿੱਚ ਗੱਲ ਰੱਖਣ ਲਈ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, 24 ਮਈ ਤੋਂ ਸਮੂਹ ਬੱਸ ਸਟੈਂਡਾਂ ਅਤੇ ਬੱਸਾਂ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। 5 ਅਤੇ 6 ਜੂਨ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ।