ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 4 ਸਤੰਬਰ
ਪੰਜਾਬ ਅਤੇ ਅਮਰੀਕੀ ਚੈਂਬਰ ਆਫ ਕਾਮਰਸ ਇਨ ਇੰਡੀਆ (ਐੱਮਚੈੱਮ ਇੰਡੀਆ) ਦਰਮਿਆਨ ਅੱਜ 29ਵੀਂ ਏਜੀਐੱਮ ਦੌਰਾਨ ਸਹਿਮਤੀ ਪੱਤਰ ਸਹੀਬੱਧ ਕੀਤਾ ਗਿਆ, ਜੋ ਅਮਰੀਕਾ ਦੀਆਂ ਮੈਂਬਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਵਪਾਰ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਏਗਾ। ਇਸ ਸਹਿਮਤੀ ਪੱਤਰ ’ਤੇ ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਅਤੇ ਐੱਮਚੈੱਮ ਇੰਡੀਆ ਦੇ ਪ੍ਰੋਗਰਾਮ ਡਾਇਰੈਕਟਰ ਰਾਜੀਵ ਆਨੰਦ ਵੱਲੋਂ ਪ੍ਰਮੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਹੁਸਨ ਲਾਲ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ। ਐਮਚੈਮ ਇੰਡੀਆ ਵੱਲੋਂ ਭਾਰਤ ਦੇ ਕਿਸੇ ਸੂਬੇ ਨਾਲ ਪਹਿਲਾ ਸਮਝੌਤਾ ਕੀਤਾ ਗਿਆ ਹੈ। ਸ੍ਰੀ ਰਜਤ ਅਗਰਵਾਲ ਨੇ ਖੇਤੀਬਾੜੀ ਅਤੇ ਫੂਡ ਪ੍ਰਾਸੈਸਿੰਗ, ਟੈਕਨੀਕਲ ਇੰਜਨੀਅਰਿੰਗ, ਟੈਕਸਟਾਈਲ ਅਤੇ ਫਾਰਮਾ ਵਰਗੇ ਕਈ ਖੇਤਰਾਂ ਵਿੱਚ ਪੰਜਾਬ ਆਧਾਰਤ ਕੰਪਨੀਆਂ ਦੇ ਨਾਲ ਨਿਵੇਸ਼ ਜਾਂ ਸਾਂਝੇ ਵਪਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਇਨਵੈਸਟ ਪੰਜਾਬ ਦੇ ਸੀਈਓ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲਈ ਉਦਯੋਗੀਕਰਨ, ਵਪਾਰ ਅਤੇ ਵਣਜ ਨੂੰ ਉਤਸ਼ਾਹਤ ਕਰਨ ਵਾਸਤੇ ਅਮਰੀਕਾ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਐਮਾਜ਼ਾਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਇਸਨ, ਜੌਹਨ ਡੀਅਰ, ਗੇਟਸ, ਸ੍ਰੇਬਰ, ਪੈਪਸੀ, ਕੋਕਾ ਕੋਲਾ, ਟੈਲੀਪਰਫਾਰਮੈਂਸ, ਕੰਪੂ-ਵਿਜ਼ਨ ਕੰਸਲਟਿੰਗ, ਨੈੱਟਸਮਾਰਟਜ਼ ਇਨਫੋਟੈਕ ਵਰਗੀਆਂ 20 ਤੋਂ ਵੱਧ ਅਮਰੀਕੀ ਫਰਮਾਂ ਨੇ ਪੰਜਾਬ ਨੂੰ ਆਪਣੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਚੁਣਿਆ ਹੈ।
ਨਿਵੇਸ਼ ਪ੍ਰੋਤਸਾਹਨ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਸੂਬੇ ਵੱਲੋਂ ਚੁੱਕੇ ਪ੍ਰਗਤੀਸ਼ੀਲ ਕਦਮਾਂ ਅਤੇ ਢੁੱਕਵੇਂ ਕਾਰੋਬਾਰੀ ਵਾਤਾਵਰਣ ਬਾਰੇ ਚਾਨਣਾ ਪਾਇਆ, ਜਿਥੇ 20 ਤੋਂ ਵੱਧ ਅਮਰੀਕੀ ਵਪਾਰਕ ਅਦਾਰੇ ਮੌਜੂਦ ਹਨ। ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2021 ਲਈ ਪ੍ਰਮੁੱਖ ਸਨਅਤਕਾਰਾਂ ਨੂੰ ਸੱਦਾ ਦਿੰਦਿਆਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਸਮੁੱਚੇ ਅਤੇ ਸੰਪੂਰਨ ਵਿਕਾਸ ਲਈ 26 ਅਤੇ 27 ਅਕਤੂਬਰ 2021 ਨੂੰ ਕਾਰੋਬਾਰੀ ਮੁਖੀਆਂ ਦੀ ਸਰਗਰਮ ਨੁਮਾਇੰਦਗੀ ਦੀ ਜ਼ਰੂਰਤ ਹੈ।
ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀਐੱਸ ਕੋਹਲੀ ਨੇ ਦੱਸਿਆ ਕਿ ਪੰਜਾਬ ਨੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਅਕਸ ਨੂੰ ਬਦਲਣ ਲਈ ਕਾਫ਼ੀ ਯਤਨ ਕੀਤੇ ਹਨ ਅਤੇ ਕਈ ਉਦਯੋਗਿਕ ਸਥਾਨਾਂ ਦੀ ਮੌਜੂਦਗੀ ਨਾਲ ਹੁਣ ਪੰਜਾਬ ਨੂੰ ਸਨਅਤੀਕਾਰੀ ਦੇ ਖੇਤਰ ਵਿੱਚ ਇੱਕ ਤਾਕਤ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੌਜੂਦ, ਪੈਪਸਿਕੋ, ਗੂਗਲ, ਜੌਹਨ ਡੀਅਰ, ਬਾਊਸ ਐਂਡ ਲੌਂਬ ਅਤੇ ਅਮਰੀਕਾ ਦੀਆਂ ਹੋਰ ਪ੍ਰਸਿੱਧ ਕੰਪਨੀਆਂ ਦੇ ਪ੍ਰਮੁੱਖ ਪ੍ਰਬੰਧਕਾਂ ਨੇ ਸੂਬੇ ਦੇ ਬੇਮਿਸਾਲ ਵਿਕਾਸ ਅਤੇ ਸਾਰਿਆਂ ਦੇ ਸੰਮਿਲਤ ਵਿਕਾਸ ਵਿੱਚ ਭਰੋਸਾ ਪ੍ਰਗਟਾਇਆ।