* ਡੈਮਾਂ ’ਚ ਪਾਣੀ ਦਾ ਪੱਧਰ ਕੰਟਰੋਲ ਹੇਠ* ਹਰੀਕੇ ਹੈੱਡ ਵਰਕਸ ਦੇ ਗੇਟ ਬੰਦ
* ਸੱਤ ਲੱਖ ਏਕੜ ਦੇ ਕਰੀਬ ਫ਼ਸਲਾਂ ਦਾ ਖਰਾਬਾ
* ਘੱਗਰ ਕਰਕੇ ਤਿੰਨ ਬਿਜਲੀ ਗਰਿੱਡਾਂ ’ਚ ਪਾਣੀ ਭਰਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੁਲਾਈ
ਪੰਜਾਬ ਸਰਕਾਰ ਲਈ ਹੜ੍ਹਾਂ ਦੀ ਮਾਰ ਤੋਂ ਉੱਭਰਨਾ ਹੁਣ ਚੁਣੌਤੀ ਬਣ ਗਿਆ ਹੈ। ਡੇਂਗੂ ਅਤੇ ਮਲੇਰੀਆ ਦੇ ਫੈਲਣ ਦਾ ਖ਼ਤਰਾ ਬਣਨ ਲੱਗਾ ਹੈ। ਝੋਨੇ ਦੇ ਤਬਾਹ ਹੋਏ ਖੇਤਾਂ ਵਿਚ ਮੁੜ ਫ਼ਸਲ ਦੀ ਲੁਆਈ ਵੀ ਕਿਸੇ ਮੁਸ਼ਕਲ ਤੋਂ ਘੱਟ ਨਹੀਂ ਹੈ। ਪਾਣੀ ਦਾ ਬੇਕਾਬੂ ਵਹਿਣ ਹੁਣ ਸ਼ਾਂਤ ਹੋਣ ਲੱਗਾ ਹੈ, ਪਰ ਸੰਗਰੂਰ ਜ਼ਿਲ੍ਹੇ ’ਚ ਸਥਿਤੀ ਕੰਟਰੋਲ ਤੋਂ ਬਾਹਰ ਹੈ। ਘੱਗਰ ਦਰਿਆ ਇਸ ਵੇਲੇ ਸਰਦੂਲਗੜ੍ਹ ਨੇੜੇ ਪੂਰੀ 30 ਹਜ਼ਾਰ ਕਿਊਸਿਕ ਦੀ ਸਮਰੱਥਾ ’ਤੇ ਪੁੱਜ ਗਿਆ ਹੈ। ਫ਼ਿਲਹਾਲ ਇਹ ਨੁਕਸਾਨ ਦੀ ਸਥਿਤੀ ’ਚ ਨਹੀਂ ਜਾਪਦਾ ਹੈ। ਮਾਨਸਾ ਜ਼ਿਲ੍ਹੇ ’ਚ ਘੱਗਰ ਨੇ ਖ਼ੌਫ਼ ਜ਼ਰੂਰ ਪੈਦਾ ਕੀਤਾ ਹੈ।
ਡੈਮਾਂ ਦੇ ਪਾਣੀ ਦਾ ਪੱਧਰ ਵੀ ਹੁਣ ਸਥਿਰ ਹੋਣ ਵੱਲ ਵਧਿਆ ਹੈ ਅਤੇ ਲੋਕਾਂ ਦੇ ਮੀਂਹ ਦੇ ਕਹਿਰ ’ਚੋਂ ਉੱਭਰਨ ਵਿਚ ਕਾਫ਼ੀ ਸਮਾਂ ਲੱਗੇਗਾ। ਮੀਂਹ ਦੀ ਆਫ਼ਤ ਹੁਣ ਤੱਕ ਸੂਬੇ ਵਿਚ 19 ਤੇ ਨਾਲ ਲੱਗਦੇ ਹਰਿਆਣਾ ਵਿਚ 20 ਜਾਨਾਂ ਲੈ ਚੁੱਕੀ ਹੈ। ਪੰਜਾਬ ਵਿੱਚ ਛੇ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਮੂਨਕ ਦੀ ਜ਼ਿੰਕ ਫ਼ੈਕਟਰੀ ਵਿਚ ਅੱਜ ਇੱਕ ਮਜ਼ਦੂਰ ਦੀ ਹੜ੍ਹਾਂ ’ਚ ਰੁੜ੍ਹਨ ਨਾਲ ਮੌਤ ਹੋ ਗਈ ਜਦੋਂ ਕਿ ਇੱਕ ਮਜ਼ਦੂਰ ਲਾਪਤਾ ਹੈ। ਤਿੰਨ ਮਜ਼ਦੂਰਾਂ ਨੂੰ ਬਚਾਅ ਲਿਆ ਗਿਆ ਹੈ। ਜਲੰਧਰ ਦੇ ਲੋਹੀਆਂ ਬਲਾਕ ਵਿਚ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋਈ ਹੈ ਜਿਸ ਤੋਂ ਸਿਆਸੀ ਰੌਲਾ ਵੀ ਪਿਆ ਹੈ। ਫ਼ਸਲੀ ਖ਼ਰਾਬਾ ਕਰੀਬ ਸੱਤ ਲੱਖ ਏਕੜ ਦੇ ਕਰੀਬ ਹੋ ਗਿਆ ਹੈ। ਢਾਈ ਲੱਖ ਏਕੜ ਰਕਬੇ ਵਿਚ ਮੁੜ ਝੋਨੇ ਦੀ ਲੁਆਈ ਕਰਨ ਵਾਸਤੇ ਪਨੀਰੀ ਦਾ ਸੰਕਟ ਹੈ। ਪੰਜਾਬ ਦੇ ਬੀਜ ਡੀਲਰਾਂ ਨੇ ਇਸ ਬਿਪਤਾ ਦੀ ਘੜੀ ਵਿਚ ਕਰੀਬ ਤਿੰਨ ਹਜ਼ਾਰ ਕੁਇੰਟਲ ਝੋਨੇ ਦਾ ਬੀਜ ਪਨੀਰੀ ਵਾਸਤੇ ਦਾਨ ਕੀਤਾ ਹੈ ਜਦੋਂ ਕਿ ਖੇਤੀ ਮਹਿਕਮੇ ਨੇ ਖ਼ੁਦ ਵੀ 550 ਕੁਇੰਟਲ ਬੀਜ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਪਨੀਰੀ ਵਾਸਤੇ ਮੁਫ਼ਤ ਦੇਣ ਦਾ ਇੰਤਜ਼ਾਮ ਕੀਤਾ ਹੈ। ਮੀਂਹ ਦੇ ਕਹਿਰ ਤੋਂ ਬਚੇ ਜ਼ਿਲ੍ਹਿਆਂ ਦੇ ਲੋਕ ਪ੍ਰਭਾਵਿਤ ਕਿਸਾਨਾਂ ਨੂੰ ਪਨੀਰੀ ਮੁਫ਼ਤ ਦੇਣ ਲਈ ਅੱਗੇ ਆਏ ਹਨ। ਇਸ ਵੇਲੇ ਮੀਂਹ ਕਾਰਨ ਪੰਜਾਬ ਦੇ 1179 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਸੰਗਰੂਰ ਜ਼ਿਲ੍ਹੇ ਦੇ ਦੋ ਦਰਜਨ ਪਿੰਡ ਮਾਰ ਹੇਠ ਆਏ ਹਨ। ਸੰਗਰੂਰ ਦੇ ਦਰਜਨ ਹੋਰ ਪਿੰਡ ਮਾਰ ਵਿਚ ਆ ਗਏ ਹਨ। ਖਨੌਰੀ ਤੇ ਮੂਨਕ ਦਾ ਇਲਾਕਾ ਸਭ ਤੋਂ ਵੱਧ ਔਖ ਵਿਚ ਹੈ। ਘੱਗਰ ਵਿਚ ਪੰਜ ਥਾਵਾਂ ’ਤੇ ਪਾੜ ਪੈ ਚੁੱਕਾ ਹੈ ਜਿਸ ’ਚੋਂ ਮੰਡਵੀ ਪਾੜ ਨੂੰ ਭਰ ਦਿੱਤਾ ਗਿਆ ਸੀ। ਫੂਲਦ ਵਿਚ ਪਏ ਪਾੜ ਨੂੰ ਪੂਰਨ ਤੋਂ ਪ੍ਰਸ਼ਾਸਨ ਨੇ ਕਿਨਾਰਾ ਕਰ ਲਿਆ ਹੈ ਜਿਸ ਤੋਂ ਕਿਸਾਨ ਕਾਫ਼ੀ ਤਕਲੀਫ਼ ਵਿਚ ਹਨ।
ਘੱਗਰ ਦੇ ਨਵੇਂ ਖਿਲਾਰੇ ਨਾਲ ਤਿੰਨ ਬਿਜਲੀ ਗਰਿੱਡਾਂ ਵਿਚ ਵੀ ਪਾਣੀ ਭਰ ਗਿਆ ਹੈ। ਸਰਦੂਲਗੜ੍ਹ ਕੋਲ ਘੱਗਰ ਖ਼ਤਰੇ ਦੇ ਨਿਸ਼ਾਨ ’ਤੇ 21 ਫੁੱਟ ਉੱਤੇ ਚਲਾ ਗਿਆ ਹੈ। ਸਰਦੂਲਗੜ੍ਹ ’ਚ ਪਹਿਲਾਂ ਪੁਲ ਨੀਵਾਂ ਸੀ ਜੋ ਕਿ ਹੁਣ ਉੱਚਾ ਬਣ ਚੁੱਕਾ ਹੈ ਜਿਸ ਨਾਲ ਖ਼ਤਰਾ ਘਟਿਆ ਹੈ ਅਤੇ ਇਹ ਪਾਣੀ ਅੱਗੇ ਰਾਜਸਥਾਨ ਵੱਲ ਜਾ ਰਿਹਾ ਹੈ। ਹਰਿਆਣਾ ’ਚੋਂ ਟਾਂਗਰੀ ਅਤੇ ਮਾਰਕੰਡਾ ਦਾ ਕਰੀਬ ਇੱਕ ਲੱਖ ਕਿਊਸਿਕ ਪਾਣੀ ਘੱਗਰ ਵਿਚ ਪਿਆ ਹੈ। ਕਈ ਦਿਨਾਂ ਤੋਂ ਬਾਰਸ਼ ਰੁਕੀ ਹੋਣ ਕਰਕੇ ਨਵੀਂ ਬਿਪਤਾ ਸਿਰ ਨਹੀਂ ਪਈ ਹੈ ਪ੍ਰੰਤੂ ਪੁਰਾਣੇ ਪਾਣੀ ਨੇ ਸੰਗਰੂਰ ’ਚ ਸੰਕਟ ਬਣਾ ਰੱਖਿਆ ਹੈ। ਸਤਲੁਜ ਦਰਿਆ ਹੁਣ ਸ਼ਾਂਤ ਹੋ ਗਿਆ ਹੈ ਅਤੇ ਹਰੀਕੇ ਹੈੱਡ ਵਰਕਸ ’ਤੇ 40 ਹਜ਼ਾਰ ਕਿਊਸਿਕ ਪਾਣੀ ਰਹਿ ਗਿਆ ਹੈ। ਜਲ ਸਰੋਤ ਵਿਭਾਗ ਨੇ ਹਰੀਕੇ ਹੈੱਡ ਵਰਕਸ ਦੇ ਗੇਟ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹਾਲੇ ਕਹਿਰ ਨੂੰ ਝੱਲ ਰਿਹਾ ਹੈ। ਪਤਾ ਲੱਗਾ ਹੈ ਕਿ ਲੁਧਿਆਣਾ ਦਿੱਲੀ ਮਾਰਗ ਵੀ ਪਾਣੀ ਦੀ ਮਾਰ ਹੇਠ ਆਉਣ ਕਰਕੇ ਬੰਦ ਹੈ। ਇਹੋ ਹਾਲ ਪਾਤੜਾਂ ਕੌਮੀ ਮਾਰਗ ਦਾ ਹੈ। ਡੈਮਾਂ ਦੀ ਹਾਲਤ ਕੰਟਰੋਲ ਹੇਠ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਇਸ ਵੇਲੇ 1633 ਫੁੱਟ ਅਤੇ ਪੌਂਗ ਡੈਮ ਵਿਚ 1366 ਫੁੱਟ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ 522 ਫੁੱਟ ਹੈ ਜਿੱਥੋਂ ਦੇ ਚਾਰ ਯੂਨਿਟਾਂ ਤੋਂ ਬਿਜਲੀ ਉਤਪਾਦਨ ਜਾਰੀ ਹੈ।
ਰਾਜਸਥਾਨ ਨਹਿਰ ਵਿਚ ਛੱਡਿਆ ਪਾਣੀ
ਰਾਜਸਥਾਨ ਦੇ ਇਨਕਾਰ ਨੂੰ ਲਾਂਭੇ ਕਰਦਿਆਂ ਪੰਜਾਬ ਨੇ ਅੱਜ ਰਾਜਸਥਾਨ ਨਹਿਰ ਵਿਚ 2500 ਕਿਊਸਿਕ ਪਾਣੀ ਛੱਡ ਦਿੱਤਾ ਹੈ ਜਦੋਂ ਕਿ ਰਾਜਸਥਾਨ ਨਹਿਰ ਦੇ ਮੁੱਖ ਇੰਜੀਨੀਅਰ ਨੇ ਅੱਜ ਇਹ ਪਾਣੀ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਹਵਾਲਾ ਦਿੱਤਾ ਸੀ ਕਿ ਘੱਗਰ ਦਾ ਪਾਣੀ ਰਾਜਸਥਾਨ ਵਿਚ ਮਾਰ ਕਰਨ ਲੱਗਾ ਹੈ ਜਿਸ ਕਰਕੇ ਰਾਜਸਥਾਨ ਨਹਿਰ ਵਿਚ ਪਾਣੀ ਦੀ ਕੋਈ ਲੋੜ ਨਹੀਂ ਹੈ। ਪੰਜਾਬ ਨੇ ਰਾਜਸਥਾਨ ਨਹਿਰ ਵਿਚ 4500 ਕਿਊਸਿਕ ਤੱਕ ਪਾਣੀ ਛੱਡਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਦਾ ਬਕਾਇਦਾ ਹਿਸਾਬ ਕਿਤਾਬ ਵੀ ਰੱਖਿਆ ਜਾ ਰਿਹਾ ਹੈ।
ਬੀਬੀਐੱਮਬੀ ਨੂੰ ਲਿਖੇ ਪੱਤਰ ’ਚ ਪੰਜਾਬ ਹੋਇਆ ਤਲਖ਼
ਪੰਜਾਬ ਦੇ ਜਲ ਸਰੋਤ ਵਿਭਾਗ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਅੱਜ ਪੱਤਰ ਲਿਖ ਕੇ ਹਰਿਆਣਾ ਤੇ ਰਾਜਸਥਾਨ ਵੱਲੋਂ ਪਾਣੀ ਲੈਣ ਤੋਂ ਇਨਕਾਰੀ ਦੇ ਮਾਮਲੇ ਨੂੰ ਲੈ ਕੇ ਤਿੱਖੇ ਤੇਵਰ ਦਿਖਾਏ ਹਨ। ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੱਤਰ ’ਚ ਕਿਹਾ ਹੈ ਕਿ ਬਾਰਸ਼ਾਂ ਕਰਕੇ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਵਿਚ ਪਾੜ ਪੈ ਰਹੇ ਹਨ। ਅਜਿਹੇ ਹਾਲਾਤ ਵਿਚ ਹਰਿਆਣਾ ਤੇ ਰਾਜਸਥਾਨ ਨੂੰ ਪੰਜਾਬ ਦੇ ਸੰਕਟ ਨੂੰ ਘਟਾਉਣ ਲਈ ਅੱਗੇ ਆਉਣਾ ਚਾਹੀਦਾ ਸੀ। ਪੱਤਰ ਅਨੁਸਾਰ ਦੋਵਾਂ ਸੂਬਿਆਂ ਨੇ ਡੈਮਾਂ ’ਚੋਂ ਪਾਣੀ ਦੀ ਮੰਗ ਨਿਲ ਕਰ ਦਿੱਤੀ ਹੈ ਜਿਸ ਕਰਕੇ ਇਕੱਲੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਅਕਸਰ ਹਰਿਆਣਾ ਤੇ ਰਾਜਸਥਾਨ ਇਹ ਇਲਜ਼ਾਮ ਲਾਉਂਦੇ ਹਨ ਕਿ ਪੰਜਾਬ, ਪਾਕਿਸਤਾਨ ਨੂੰ ਵਾਧੂ ਪਾਣੀ ਛੱਡ ਰਿਹਾ ਹੈ। ਹੁਣ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤਾਂ ਹਰਿਆਣਾ ਤੇ ਰਾਜਸਥਾਨ ਨੇ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਚੇਅਰਮੈਨ ਨੂੰ ਅਪੀਲ ਕੀਤੀ ਹੈ ਕਿ ਡੈਮਾਂ ’ਚੋਂ ਦੋਵਾਂ ਸੂਬਿਆਂ ਨੂੰ ਪਾਣੀ ਦਿੱਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦੋ ਦਿਨਾਂ ਤੋਂ ਇਸ ਮੁੱਦੇ ਨੂੰ ਉਠਾਇਆ ਹੈ ਕਿ ਹੁਣ ਹਰਿਆਣਾ ਤੇ ਰਾਜਸਥਾਨ ਪਾਣੀ ਕਿਉਂ ਨਹੀਂ ਲੈ ਰਹੇ ਹਨ ਜਦੋਂ ਕਿ ਪੰਜਾਬ ਮੀਂਹ ਦੀ ਮਾਰ ਝੱਲਣ ਲਈ ਮਜਬੂਰ ਹੈ। ਪੰਜਾਬ ਨੇ ਅਜੇ ਕੁਝ ਦਿਨ ਪਹਿਲਾਂ ਬੀਬੀਐੱਮਬੀ ਦੀ ਮੀਟਿੰਗ ਵਿਚ ਰੌਲਾ ਪਾ ਕੇ ਭਾਖੜਾ ਡੈਮ ’ਚੋਂ ਵਾਧੂ ਪਾਣੀ ਛੱਡਣ ਦੇ ਫ਼ੈਸਲੇ ਨੂੰ ਮੁਲਤਵੀ ਕਰਾਇਆ ਹੈ।
ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਤਬਦੀਲ
ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਸੂਬੇ ਅਤੇ ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ ਤੋਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਅੱਜ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਮਈ ਮਹੀਨੇ ਵਿੱਚ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦਾ ਕੀਤਾ ਗਿਆ ਸੀ। ਇਹ ਹੁਕਮ 15 ਜੁਲਾਈ ਤੱਕ ਲਾਗੂ ਸਨ। ਇਸ ਤਰ੍ਹਾਂ ਸੋਮਵਾਰ ਤੋਂ ਪੰਜਾਬ ਦੇ ਸਰਕਾਰੀ ਦਫ਼ਤਰ ਸਵੇਰੇ 9.00 ਵਜੇ ਤੋਂ ਖੁੱਲ੍ਹਣਗੇ।