ਦਵਿੰਦਰ ਪਾਲ
ਚੰਡੀਗੜ੍ਹ, 13 ਮਈ
ਮੁੱਖ ਅੰਸ਼
- ਸਨਅਤੀ ਕਾਮਿਆਂ ਲਈ ‘ਕੋਵੈਕਸਿਨ’ ਦੀ ਖਰੀਦ ਨੂੰ ਹਰੀ ਝੰਡੀ
- 18-44 ਉਮਰ ਵਰਗ ਦੇ ਸਿਹਤ ਕਾਮਿਆਂ ਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਦਾ ਟੀਕਾਕਰਨ ਅੱਜ ਤੋਂ
-
ਨਵੀਂ ਜੇਲ੍ਹ ਨਿਯਮਾਂਵਲੀ ਨੂੰ ਪ੍ਰਵਾਨਗੀ
ਪੰਜਾਬ ਸਰਕਾਰ ਨੇ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਕੌਮਾਂਤਰੀ ਪੱਧਰ ’ਤੇ ਕਰੋਨਾ ਵੈਕਸੀਨ ਖਰੀਦਣ, ਕਰੋਨਾ ਪੀੜਤ ਗਰੀਬ ਮਰੀਜ਼ਾਂ ਨੂੰ ਪੱਕਿਆ ਪਕਾਇਆ ਖਾਣਾ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਤੇ ਸਾਰੇ ਪੰਜੀਕ੍ਰਿਤ ਉਸਾਰੀ ਕਾਮਿਆਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਭੱਤਾ ਗੁਜ਼ਾਰਾ ਭੱਤਾ ਦੇਣ ਸਮੇਤ ਹੋਰ ਕਈ ਅਹਿਮ ਫੈਸਲੇ ਕੀਤੇ ਹਨ। ਇਹ ਸਾਰੇ ਫੈਸਲੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ’ਚ ਲਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਕੋਵਿਡ ਮਰੀਜ਼ ਹੈਲਪਲਾਈਨ ਨੰਬਰਾਂ 181 ਤੇ 112 ’ਤੇ ਫੋਨ ਕਰਕੇ ਪੱਕਿਆ ਪਕਾਇਆ ਖਾਣਾ ਆਪਣੇ ਘਰਾਂ ਵਿੱਚ ਹੀ ਮੰਗਵਾ ਸਕਣਗੇ। ਪੰਜਾਬ ਦਾ ਪੁਲੀਸ ਵਿਭਾਗ ਇਸ ਕੰਮ ਵਿੱਚ ਪੂਰੀ ਮਦਦ ਕਰੇੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਣਗੇ। ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲੰਗਰ ਤਿਆਰ ਕਰਨ ਵਾਲੇ ਲੋਕਾਂ ਤੇ ਡਲਿਵਰੀ ਏਜੰਟਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।
ਵਜ਼ਾਰਤੀ ਮੀਟਿੰਗ ਵਿੱਚ ਕਰੋਨਾ ਤੋਂ ਬਚਾਅ ਲਈ ਸੂਬੇ ਵਿੱਚ ਵੈਕਸੀਨ ਦੀ ਢੁੱਕਵੀਂ ਕੀਮਤ ’ਤੇ ਖਰੀਦ ਕਰਨ ਲਈ ਕੌਮਾਂਤਰੀ ਪੱਧਰ ’ਤੇ ‘ਕੋਵੈਕਸ’ ਸੰਸਥਾਨ ਨਾਲ ਜੁੜਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਲੈਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਵਜ਼ਾਰਤ ਨੇ ਸਨਅਤੀ ਕਾਮਿਆਂ ਲਈ ‘ਕੋਵੈਕਸੀਨ’ ਦੀ ਖਰੀਦ ਸਮੇਤ ਸਿਹਤ ਵਿਭਾਗ ਵਿੱਚ 250 ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਤੇ 18-44 ਉਮਰ ਵਰਗ ਦੇ ਸਿਹਤ ਕਰਮਚਾਰੀਆਂ ਅਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਹੋਰਨਾਂ ਵਜ਼ਾਰਤੀ ਫੈਸਲਿਆਂ ਵਿੱਚ 152.56 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਨਾਲ ਜੁੜਿਆ ਸਾਜ਼ੋ ਸਮਾਨ ਤੇ ਖਪਤਯੋਗ ਵਸਤਾਂ ਖਰੀਦਣਾ ਵੀ ਸ਼ਾਮਲ ਹੈ। ਮੰਤਰੀ ਮੰਡਲ ਨੇ ਜੇਲ੍ਹ ਨੇਮਾਵਲੀ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਸੁਰੱਖਿਆ ਦੇ ਨਵੇਂ ਮਾਪਦੰਡ ਅਤੇ ਭਲਾਈ ਦੇ ਉਪਾਅ ਪੇਸ਼ ਕੀਤੇ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਮੁਤਾਬਕ ਉਦਯੋਗਿਕ ਕਾਮਿਆਂ ਲਈ ‘ਕੋਵੈਕਸਿਨ’ ਖਰੀਦਣ ਦੇ ਫੈਸਲੇ ਨੂੰ ਵੀ ਮਨਜ਼ੂਰੀ ਦਿੱਤੀ ਗਈ। ਉਂਜ ਇਨ੍ਹਾਂ ਕਾਮਿਆਂ ਦੇ ਟੀਕਾਕਰਨ ਦਾ ਖਰਚਾ ਚੁੱਕਣ ਲਈ ਉਦਯੋਗ ਜਗਤ ਨੇ ਹਾਮੀ ਭਰੀ ਹੈ। ਸੂਬਾ ਸਰਕਾਰ ਨੇ ਅਜੇ ਤੱਕ 18-44 ਉਮਰ ਵਰਗ ਲਈ ਸਿਰਫ ਕੋਵੀਸ਼ੀਲਡ ਟੀਕੇ ਦਾ ਹੀ ਆਰਡਰ ਦਿੱਤਾ ਹੈ, ਪਰ ਮੌਜੂਦਾ ਫੈਸਲੇ ਨਾਲ ‘ਕੋਵੈਕਸਿਨ’ ਦੇ ਆਰਡਰ ਦੇਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਸੂਬੇ ਵਿਚ ਟੀਕਾਕਰਨ ਦੀ ਮੌਜੂਦਾ ਸਥਿਤੀ ਤੇ ਉਪਲਬੱਧਤਾ ਦੀ ਸਮੀਖਿਆ ਕਰਦੇ ਹੋਏ ਮੰਤਰੀ ਮੰਡਲ ਨੇ ਕਿਹਾ ਕਿ ਇਸ ਟੀਕੇ ਦਾ ਆਲਮੀ ਪੱਧਰ ਉੱਤੇ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਸੀ। ‘ਕੋਵੈਕਸ’ ਨਾਲ ਜੁੜਨ ਦਾ ਸੁਝਾਅ ਡਾ. ਗਗਨਦੀਪ ਕੰਗ ਨੇ ਦਿੱਤਾ, ਜੋ ਟੀਕਾਕਰਨ ਸਬੰਧੀ ਪੰਜਾਬ ਦੇ ਮਾਹਿਰਾਂ ਦੇ ਸਮੂਹ ਦੀ ਮੁਖੀ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਸਰਕਾਰ ਵੱਲੋਂ ਆਰਡਰ ਕੀਤੀਆਂ ਗਈਆਂ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਵਿਚੋਂ ਭਾਰਤੀ ਸੀਰਮ ਇੰਸਟੀਚਿਊਟ ਨੇ ਅਜੇ ਤੱਕ 4.29 ਲੱਖ ਦੀ ਹੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚੋਂ 1 ਲੱਖ ਖੁਰਾਕਾਂ ਸੂਬੇ ਨੂੰ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਰਗ ਲਈ ਕੋਵੀਸ਼ੀਲਡ ਵੈਕਸੀਨ ਦੀਆਂ 1,63,710 ਖੁਰਾਕਾਂ ਦੀ ਆਖਰੀ ਖੇਪ 9 ਮਈ ਨੂੰ ਪਹੁੰਚੀ ਸੀ ਜਿਸ ਦੀ ਕੁੱਲ ਗਿਣਤੀ 42,48,560 ਹੈ।
ਇੱਕ ਹੋਰ ਫੈਸਲੇ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੀਟਿੰਗ ’ਚ ਵਿਸ਼ੇਸ਼ ਇਨਵਾਇਟੀ ਵਜੋਂ ਸ਼ਾਮਲ ਡਾ. ਗਗਨਦੀਪ ਕੰਗ ਨੇ ਕੋਵੀਸ਼ੀਲਡ ਦੀ ਸਮਰੱਥਾ ਅਤੇ ਉਪਲੱਬਧਤਾ ਦੇ ਮੱਦੇਨਜ਼ਰ ਇਸ ਦੀ ਵਿਆਪਕ ਵਰਤੋਂ ਦਾ ਸੁਝਾਅ ਦਿੱਤਾ।
ਪੰਜਾਬ ਮੰਤਰੀ ਮੰਡਲ ਨੇ ਜੇਲ੍ਹ ਐਕਟ, 1894 ਤਹਿਤ ਪੰਜਾਬ ਜੇਲ੍ਹ ਨਿਯਮਾਂ, 2021 ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਇਹ ਨਿਯਮ ਵੇਲਾ ਵਿਹਾਅ ਚੁੱਕੀ ਜੇਲ੍ਹ ਨੇਮਾਵਲੀ ਦੀ ਥਾਂ ਲੈਣਗੇ। ਪੰਜਾਬ ਜੇਲ੍ਹ ਮੈਨੂਅਲ, 1996 ਵਿੱਚ ਮੁੱਖ ਤੌਰ ’ਤੇ ਕੈਦੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਹਿਰਾਸਤ ਉੱਤੇ ਵਧੇਰੇ ਧਿਆਨ ਦਿੱਤਾ ਗਿਆ ਸੀ। ਨਵੇਂ ਤਿਆਰ ਕੀਤੇ ਪੰਜਾਬ ਜੇਲ੍ਹ ਨਿਯਮ, 2021 ਵਿਚ ਨਾ ਸਿਰਫ਼ ਕੈਦੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਹਿਰਾਸਤ ਸਗੋਂ ਹੋਰ ਪਹਿਲੂਆਂ ਜਿਵੇਂ ਭਲਾਈ, ਸੁਧਾਰ ਅਤੇ ਦੇਖਭਾਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ।
ਸਿਹਤ ਵਿਭਾਗ ’ਚ 250 ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ
ਪੰਜਾਬ ਵਿੱਚ ਵਧਦੇ ਕੋਵਿਡ ਸੰਕਟ ਨਾਲ ਨਜਿੱਠਣ ਲਈ ਪੰਜਾਬ ਕੈਬਨਿਟ ਨੇ ਸਿਹਤ ਵਿਭਾਗ ਵਿੱਚ ਮੌਜੂਦਾ ਸਮੇਂ ਖਾਲੀ ਰੈਗੂਲਰ ਅਸਾਮੀਆਂ ਵਿਰੁੱਧ 250 ਐੱਮਬੀਬੀਐੱਸ ਮੈਡੀਕਲ ਅਫਸਰਾਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਦੇ ਦਾਇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 192 ਮੈਡੀਕਲ ਅਫਸਰਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ। ਇਹ 250 ਅਸਾਮੀਆਂ ਪਹਿਲੀ ਅਕਤੂਬਰ 2020 ਤੋਂ 30 ਅਪਰੈਲ 2021 ਤੱਕ ਤਰੱਕੀਆਂ/ਸੇਵਾ ਮੁਕਤੀ/ਅਸਤੀਫਿਆਂ ਕਾਰਨ ਖਾਲੀ ਪਈਆਂ ਸਨ।
ਉਸਾਰੀ ਕਾਮਿਆਂ ਨੂੰ ਮਿਲੇਗਾ ਤਿੰਨ-ਤਿੰਨ ਹਜ਼ਾਰ ਰੁਪਏ ਗੁਜ਼ਾਰਾ ਭੱਤਾ
ਪੰਜਾਬ ਵਜ਼ਾਰਤ ਨੇ ਨਿਰਮਾਣ ਤੇ ਹੋਰ ਉਸਾਰੀ ਕਾਮੇ (ਬੀ.ਓ.ਸੀ.ਡਬਲਿਊ) ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਾਮਿਆਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਗੁਜ਼ਾਰਾ ਭੱਤਾ/ਨਗਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਇਹ ਗੁਜ਼ਾਰਾ ਭੱਤਾ 1500-1500 ਰੁਪਏ ਦੀਆਂ ਦੋ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ ਅਤੇ ਪਹਿਲੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇਗੀ ਜਦਕਿ ਦੂਜੀ ਕਿਸ਼ਤ 15 ਜੂਨ ਤੱਕ ਅਦਾ ਕਰ ਦਿੱਤੀ ਜਾਵੇਗੀ। ਬੋਰਡ ਨਾਲ ਸੂਬਾ ਭਰ ਵਿਚ ਲਗਪਗ ਤਿੰਨ ਲੱਖ ਰਜਿਸਟਰਡ ਉਸਾਰੀ ਕਾਮੇ ਹਨ।