ਰਵੇਲ ਸਿੰਘ ਭਿੰਡਰ
ਪਟਿਆਲਾ, 3 ਨਵੰਬਰ
ਪੰਜਾਬ ਵਿੱਚ ਪ੍ਰਾਈਵੇਟ ਖੇਤਰ ਦਾ ਅਖੀਰਲੇ ਗੋਇੰਦਵਾਲ ਸਾਹਿਬ ਥਰਮਲ ਵੀ ਅੱਜ ਬੰਦ ਹੋ ਗਿਆ ਹੈ ਤੇ ਇਸ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਰੋਪੜ ਤੇ ਲਹਿਰਾ ਮੁਹੱਬਤ ਸਥਿਤ ਸਰਕਾਰੀ ਥਰਮਲ ਪਲਾਂਟਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਥਰਮਲਾਂ ਕੋਲ ਵੀ ਕੁੱਝ ਦਿਨਾਂ ਦਾ ਕੋਲਾ ਹੈੇ। ਸੂਬੇ ’ਚ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਕੋਲੇ ਦੇ ਵੱਡੇ ਸੰਕਟ ’ਚਹੇ ਹਨ। ਇਸ ਕਾਰਨ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਨੂੰ ਕੋਲੇ ਦੀ ਤੋਟ ਕਾਰਨ ਪਹਿਲਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਤੇ ਅੱਜ ਦੁਪਹਿਰ ਬਾਅਦ ਤਿੰਨ ਵਜੇ ਗੋਇੰਦਵਾਲ ਸਾਹਿਬ ਥਰਮਲ ਦਾ ਆਖਰੀ ਯੂਨਿਟ ਵੀ ਬੰਦ ਕਰ ਦਿੱਤਾ ਗਿਆ। ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਬਿਜਲੀ ਸਪਲਾਈ ਲਈ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਦੇ ਇੱਕ-ਇੱਕ ਉਤਪਾਦਨ ਯੂਨਿਟ ਚਾਲੂ ਕਰ ਦਿੱਤੇ ਗਏ ਹਨ, ਜੇ ਲੋੜ ਪਈ ਤਾਂ ਇਨ੍ਹਾਂ ਥਰਮਲਾਂ ਦੇ ਹੋਰ ਯੂਨਿਟਾਂ ਨੂੰ ਚਲਾਇਆ ਜਾ ਸਕਦਾ ਹੈ। ਰੋਪੜ ਤੇ ਲਹਿਰਾ ਮੁਹੱਬਤ ਕੋਲ ਵੀ ਪੂਰੀ ਲੋਡ ਸਮੱਰਥਾ ’ਚ ਚਲੱਣ ਦੀ ਸੂਰਤ ’ਚ ਚਾਰ-ਪੰਜ ਦਿਨ ਜੋਗਾ ਕੋਲੇ ਦਾ ਭੰਡਾਰ ਹੈ। ਪੰਜਾਬ ਵਾਰ ਵਾਰ ਇਹ ਵੀ ਕਹਿ ਰਿਹਾ ਹੈ ਕਿ ਨੈਸ਼ਨਲ ਗਰਿੱਡਾਂ ਪਾਸੋਂ ਬਿਜਲੀ ਖਰੀਦਣ ਲਈ ਸੂਬੇ ਕੋਲ ਪੈਸਾ ਨਹੀ ਹੈ, ਅਜਿਹੇ ਮੰਦੜੇ ਹਾਲਾਤ ’ਚ ਖਤਰੇ ਵਾਲੀ ਵੱਡੀ ਗੱਲ ਇਹ ਹੈ ਕਿ ਜੇ ਅਗਲੇ ਚਾਰ ਪੰਜ ਦਿਨਾਂ ਤੱਕ ਰੇਲਾਂ ਦੀ ਆਵਾਜਾਈ ਨਾ ਖੁੱਲੀ ਤਾਂ ਕੋਲ ਸੰਕਟ ਕਾਰਨ ਸਰਕਾਰੀ ਪੱਧਰ ਦੇ ਦੋਵੇਂ ਥਰਮਲਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ।