ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਸੰਘਰਸ਼ ਕਰ ਰਹੇ ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ‘ਹੱਕ ਪੰਜਾਬ ਦੇ’ ਨਾਅਰੇ ਹੇਠ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਪੰਜਾਬ ਯੂਨੀਵਰਸਿਟੀ ਨੂੰ ਮੁਕੰਮਲ ਤੌਰ ’ਤੇ ਪੰਜਾਬ ਨੂੰ ਦਿਵਾਉਣ ਲਈ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਫ਼ੈਸਲਾ ਲਿਆ ਗਿਆ ਕਿ 10 ਜੁਲਾਈ ਤੋਂ ਲੋਕ ਸਭਾ ਮੈਂਬਰਾਂ ਨੂੰ ਜ਼ਿੰਮੇਵਾਰੀ ਪੱਤਰ ਦਿੱਤੇ ਜਾਣ, ਤਾਂ ਜੋ ਉਹ ਲੋਕ ਸਭਾ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਪੰਜਾਬ ਦਾ ਹੱਕ ਲੈਣ ਲਈ ਵਚਨਬੱਧ ਹੋਣ। ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ‘ਹੱਕ ਪੰਜਾਬ’ ਕਨਵੈਨਸ਼ਨਾਂ ਕਰਨ ਦਾ ਐਲਾਨ ਵੀ ਕੀਤਾ ਗਿਆ। ਪਹਿਲੀ ਕਨਵੈਨਸ਼ਨ 30 ਜੁਲਾਈ ਨੂੰ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ। ਜਥੇਬੰਦੀਆਂ ਮੁਤਾਬਕ ਦੋ-ਦੋ ਕਨਵੈਨਸ਼ਨਾਂ ਮਾਝਾ, ਦੋਆਬੋ ਅਤੇ ਮਾਲਵਾ ਖੇਤਰਾਂ ਵਿੱਚ ਕੀਤੀਆਂ ਜਾਣਗੀਆਂ। ਮੋਰਚੇ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਕੀਤੇ ਜਾ ਰਹੇ ਕੇਂਦਰੀਕਰਨ ਨੂੰ ਵਿੱਦਿਅਕ ਪ੍ਰਬੰਧ ਵਿੱਚ ਪ੍ਰਾਂਤਾਂ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਨ ਅਤੇ ਸਿੱਖਿਆ ਦੇ ਨਿੱਜੀਕਰਨ ਵੱਲ ਵੱਡਾ ਕਦਮ ਐਲਾਨਦਿਆਂ ਇਸ ਦਾ ਵਿਰੋਧ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ। ਉਨ੍ਹਾਂ ਸਮੁੱਚੇ ਪੰਜਾਬੀਆਂ ਦੀ ਯੂਨੀਵਰਸਿਟੀ ਦਾ ਹੱਕ ਪੰਜਾਬ ਨੂੰ ਦਿਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਮੋਰਚੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਮੀਟਿੰਗ ’ਚ ਪੀਐੱਸਐੱਫ ਗਗਨਦੀਪ, ਪੀਐੱਸਯੂ ਵੱਲੋਂ ਰਣਵੀਰ ਸਿੰਘ ਰੰਧਾਵਾ, ਅਮਨਦੀਪ ਸਿੰਘ ਖਿਓਵਾਲੀ, ਆਇਸਾ ਦੇ ਸੁਖਜੀਤ ਰਾਮਾਨੰਦੀ, ਏਆਈਐੱਸਐੱਫ ਦੇ ਵਿੱਕੀ ਮਹੇਸਰੀ ਤੇ ਪ੍ਰਿਤਪਾਲ, ਐੱਸਐੱਫ ਆਈ ਦੇ ਅੰਮ੍ਰਿਤ, ਐੱਸਐੱਫਐੱਸ ਦੇ ਹਰਮਨ ਅਤੇ ਸੁਖਮਤ ਸ਼ਾਮਲ ਸਨ।