ਅਮਨ ਸੂਦ
ਪਟਿਆਲਾ, 2 ਅਪਰੈਲ
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿੱਚ ਕਰੀਬ ਸਾਢੇ ਤਿੰਨ ਏਕੜ ਥਾਂ ਵਿੱਚ ਫੈਲੇ ਬਰੋਟੇ (ਬੋਹੜ) ਦੇ ਦਰੱਖਤ ਨੂੰ ਪੰਜਾਬ ਦੇ ‘ਪਹਿਲੇ ਜੈਵਿਕ ਵਿਭਿੰਨਤਾ ਵਿਰਾਸਤੀ’ ਸਥਾਨ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਹ ਥਾਂ ਸਰਕਾਰੀ ਬੇਰੁਖੀ ਦੀ ਸ਼ਿਕਾਰ ਹੋ ਰਹੀ ਹੈ। ਇਸ ਦਾ ਦਰੱਖਤ ਦਾ ਮੁੱਖ ਤਣਾ ਦੋ ਦਿਨ ਪਹਿਲਾਂ ਹੀ ਟੁੱਟ ਗਿਆ ਹੈ ਅਤੇ ਕਰੀਬ ਤਿੰਨ ਸੌ ਸਾਲ ਪੁਰਾਣੇ ਇਸ ਦਰੱਖਤ ਦੇ ਤਣੇ ਦੇ ‘ਸਬੂਤਾ’ ਹੋਣ ਦੇ ਆਸਾਰ ਨਹੀਂ ਹਨ।
ਇਸ ਦਰੱਖਤ ਨੂੰ ਵਿਰਾਸਤੀ ਦਰਜਾ ਮਿਲਣ ਤੋਂ ਬਾਅਦ ਬਾਇਓਲੋਜੀਕਲ ਡਾਇਵਰਸਟੀ ਐਕਟ 2002 ਦੇ ਸੈਕਸ਼ਨ 37 ਤਹਿਤ ਇਸ ਦੀ ਸੰਭਾਲ ਤੇ ਪ੍ਰਬੰਧਨ ਕੀਤਾ ਜਾਣਾ ਬਣਦਾ ਹੈ। ਇਹ ਦਰੱਖਤ ਨਿੱਜੀ ਜ਼ਮੀਨ ’ਚ ਫੈਲਿਆ ਹੋਇਆ ਸੀ ਪਰ ਦਰੱਖਤ ਨੂੰ ਵਿਰਾਸਤੀ ਦਰਜਾ ਮਿਲਣ ਤੋਂ ਬਾਅਦ ਮਾਲਕਾਂ ਨੇ ਆਪਣੀਆਂ ਜ਼ਮੀਨਾਂ ਸਵੈ-ਇੱਛਾ ਨਾਲ ਇਸ ਥਾਂ ਦੀ ਸੰਭਾਲ ਲਈ ਦੇ ਦਿੱਤੀਆਂ। ਇਸ ਵੱਡ-ਆਕਾਰੀ ਦਰੱਖਤ ’ਤੇ ਕਈ ਜੀਵ-ਜੰਤੂ ਰਹਿੰਦੇ ਹਨ ਜਿਨ੍ਹਾਂ ’ਤੇ ਖੋਜ ਕਰਨ ਲਈ ਵੱਡੀ ਗਿਣਤੀ ਭੂ ਵਿਗਿਆਨੀ ਇਸ ਥਾਂ ਆਉਂਦੇ ਹਨ। ਇਸ ਪਿੰਡ ਦੇ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਰਾਸਤੀ ਦਰਜਾ ਮਿਲਣ ਤੋਂ ਬਾਅਦ ਸਰਕਾਰ ਨੂੰ ਇਹ ਥਾਂ ਵਿਕਸਤ ਕਰਨੀ ਚਾਹੀਦੀ ਸੀ ਤੇ ਇਸ ਦਰੱਖਤ ਨੂੰ ਬਚਾਉਣ ਲਈ ਹਰ ਹੀਲਾ ਕਰਨਾ ਚਾਹੀਦਾ ਸੀ ਪਰ ਹਾਲੇ ਤਕ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਦਰੱਖਤ ਦੇ ਤਣੇ ’ਤੇ ਪੱਤੇ ਹਰੇ ਸਨ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਇਸ ਦਰੱਖਤ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਵਿਰਾਸਤੀ ਦਰੱਖਤ ਬਚਿਆ ਰਹਿ ਸਕਦਾ ਹੈ।
ਇਹ ਦਰੱਖਤ ਤਿੰਨ ਸੌ ਸਾਲ ਪੁਰਾਣਾ ਹੈ ਤੇ ਸਾਢੇ ਤਿੰਨ ਏਕੜ ਵਿੱਚ ਫੈਲਿਆ ਹੋਇਆ ਹੈ। ਇਹ ਵਾਤਾਵਰਨ ਪੱਖੋਂ ਇਕ ‘ਜਾਦੂਈ’ ਦਰੱਖਤ ਹੈ ਜਿਸ ਵਿੱਚ ਮੋਰ, ਉਲੂ ਤੇ ਹੋਰ ਪੰਛੀਆਂ ਸਣੇ ਕਈ ਜੀਵ ਜੰਤੂ ਬਸੇਰਾ ਕਰਦੇ ਹਨ। ਇਸ ਥਾਂ ਦੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵਲੋਂ ਸੰਭਾਲ ਕੀਤੀ ਜਾ ਰਹੀ ਹੈ।
ਇਸ ਦਰੱਖਤ ਹੇਠਾਂ ਬਣੇ ਮੰਦਰ ਦੇ ਪੁਜਾਰੀ ਬਲਵਿੰਦਰ ਗਿਰੀ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਇਸ ਦਰੱਖਤ ਦੀ ਸੰਭਾਲ ਲਈ ਸਰਕਾਰ ਨੂੰ ਅਪੀਲ ਕੀਤੀ। ਜਦ ਇਥੇ ਕੌਮੀ ਤੇ ਕੌਮਾਂਤਰੀ ਮੀਡੀਆ ਆਉਂਦਾ ਹੈ ਤਾਂ ਅਧਿਕਾਰੀ ਤੇ ਰਾਜਸੀ ਲੋਕ ਵੀ ਆਉਂਦੇ ਹਨ, ਉਹ ਇਥੇ ਆ ਕੇ ਸਿਰਫ ਫੋਟੋਆਂ ਹੀ ਖਿਚਵਾਉਂਦੇ ਹਨ ਤੇ ਮੁੜ ਕੇ ਸਾਰ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਇਸ ਦਰੱਖਤ ਦਾ ਮੁੱਖ ਤਣਾ ਟੁੱਟਿਆ ਸੀ ਤੇ ਉਸ ਨੂੰ ਨਹੀਂ ਲੱਗਦਾ ਹੈ ਕਿ ਇਸ ਦਰੱਖਤ ਦੀਆਂ ਜੜ੍ਹਾਂ ਅੱਗੇ ਚੱਲ ਸਕਣਗੀਆਂ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਉਸ ਨੇ ਸਥਾਨਕ ਐੱਸਡੀਐੱਮ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਸੀ ਪਰ ਹਾਲੇ ਤਕ ਕਿਸੇ ਅਧਿਕਾਰੀ ਨੇ ਦੌਰਾ ਨਹੀਂ ਕੀਤਾ, ਉਹ ਜਿੰਨਾ ਜਲਦੀ ਆਉਣਗੇ ਓਨੀ ਛੇਤੀ ਹੀ ਇਸ ਦਰੱਖਤ ਦੀ ਸੰਭਾਲ ਲਈ ਯਤਨ ਹੋਣਗੇ ਤੇ ਇਥੇ ਰਹਿੰਦੇ ਜੀਵ-ਜੰਤੂ ਸੁਰੱਖਿਅਤ ਰਹਿ ਸਕਣਗੇ।
ਦਰੱਖਤ ਦੀ ਸੰਭਾਲ ਲਈ ਸਰਕਾਰ ਨੂੰ ਪੱਤਰ ਲਿਖਿਆ
ਐਨਜੀਓ ਦਿ ਪਟਿਆਲਾ ਫਾਊਂਡੇਸ਼ਨ ਦੇ ਮੁੱਖ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਵਿਰਾਸਤੀ ਥਾਂ ’ਤੇ ਅਗਲੇ ਹਫਤੇ ਵਿਰਾਸਤੀ ਵਾਕ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਰਾਜ ਸਰਕਾਰ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਇਸ ਨੂੰ ਵਿਰਾਸਤੀ ਦਰਜਾ ਮਿਲਣ ਤੋਂ ਬਾਅਦ ਇਸ ਥਾਂ ਦੀ ਸੰਭਾਲ ਲਈ ਕੀ ਯਤਨ ਕੀਤੇ ਗਏ ਹਨ। ਚੋਲਟੀ ਖੇੜੀ ਦੀ ਪੰਚਾਇਤ ਨੇ ਇਸ ‘ਕਾਇਆ ਕਲਪ ਬ੍ਰਿਛ’ ਦੀ ਸੰਭਾਲ ਵਿਚ ਸਹਿਯੋਗ ਦੇਣ ਲਈ ਮਤਾ ਪਾਸ ਕੀਤਾ ਸੀ। ਦੱਸਣਾ ਬਣਦਾ ਹੈ ਕਿ ਪੈਰਿਸ ਦੇ ਪ੍ਰੋਡਕਸ਼ਨ ਹਾਊਸ ਨੇ ਇਸ ਦਰੱਖਤ ਸਬੰਧੀ ਦਸਤਾਵੇਜ਼ੀ ਵੀ ਬਣਾਈ ਹੈ ਜਿਸ ਨੂੰ ਟੀਵੀ ਸੀਰੀਜ਼ ‘ਟਰੀ ਸਟੋਰੀਜ਼: ਮੋਸਟ ਰਿਮਾਰਕਏਬਲ ਟਰੀਜ਼ ਆਫ ਦਿ ਵਰਲਡ ਰਾਹੀਂ ਦਿਖਾਇਆ ਗਿਆ ਹੈ।
ਦਰੱਖਤ ਬਚਾਉਣ ਲਈ ਹਰ ਯਤਨ ਕਰਾਂਗੇ: ਡੀਸੀ
ਫਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨਾਲ ਜਦੋਂ ਇਸ ਵਿਰਾਸਤੀ ਦਰੱਖਤ ਦੀ ਦੁਰਦਸ਼ਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੁਖਦਾਇਕ ਹੈ ਕਿ ਵਿਰਾਸਤੀ ਥਾਂ ਦੀ ਸੰਭਾਲ ਨਹੀਂ ਹੋਈ ਪਰ ਉਹ ਜੰਗਲਾਤ ਵਿਭਾਗ ਨੂੰ ਸੂਚਿਤ ਕਰਨਗੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਇਸ ਥਾਂ ਦਾ ਜਲਦੀ ਹੀ ਦੌਰਾ ਕਰਨਗੇ ਤੇ ਦੇਖਣਗੇ ਕਿ ਇਸ ਦੇ ਟੁੱਟੇ ਤਣੇ ਨੂੰ ਕਿਵੇਂ ਸੁਰਜੀਤ ਕੀਤਾ ਜਾ ਸਕਦਾ ਹੈ।