ਨਵੀਂ ਦਿੱਲੀ, 12 ਮਾਰਚ
ਪੰਜਾਬ ਦੇ ਲੇਖਕ ਗੁਰਦੇਵ ਸਿੰਘ ਰੁਪਾਣਾ, ਸਿਆਸਤਦਾਨ-ਲੇਖਕ ਐੱਮ. ਵੀਰੱਪਾ ਮੋਇਲੀ, ਕਵੀ ਅਰੁੰਧਤੀ ਸੁਬਰਾਮਣੀਅਮ ਸਣੇ 20 ਲੇਖਕਾਂ ਨੂੰ ਸਾਲ 2020 ਦਾ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ। ਰੁਪਾਣਾ ਨੂੰ ਇਹ ਐਵਾਰਡ ਛੋਟੀ ਕਹਾਣੀ ਵਰਗ ’ਚ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਆਮ-ਖਾਸ’ ਲਈ ਮਿਲੇਗਾ। ਕੌਮੀ ਅਕਾਦਮੀ ਵੱਲੋਂ ਇਹ ਐਲਾਨ ਸ਼ੁੱਕਰਵਾਰ ਨੂੰ ਆਪਣੇ ਸਾਲਾਨਾ ‘ਫੈਸਟੀਵਲ ਆਫ ਲੈਟਰ’ ਸਮਾਗਮ ਦੇ ਪਹਿਲੇ ਦਿਨ ਕੀਤਾ ਗਿਆ। ਸੁਬਰਾਮਣੀਅਮ ਨੂੰ ਇਹ ਐਵਾਰਡ ਉਨ੍ਹਾਂ ਦੇ ਅੰਗਰੇਜ਼ੀ ਕਾਵਿ ਸੰਗ੍ਰਿਹ ‘ਵੈੱਨ ਗੌਡ ਇਜ਼ ਏ ਟਰੈਵਲਰ’ ਲਈ ਜਦਕਿ ਵੀਰੱਪਾ ਮੋਇਲੀ ਨੂੰ ਉਨ੍ਹਾਂ ਦੇ ਕੰਨੜ ਮਹਾਕਾਵਿ ਸੰਗ੍ਰਹਿ ‘ਸ੍ਰੀ ਬਾਹੂਬਲੀ ਅਹਿੰਮਸਾਦਿਗਵਿਜਅਨ’ ਲਈ ਦਿੱਤਾ ਜਾਵੇਗਾ। ਸੂਚੀ ਵਿੱਚ ਭਾਰਤੀ ਭਾਸ਼ਾਵਾਂ ’ਚੋਂ ਸੱਤ ਕਾਵਿ ਪੁਸਤਕਾਂ, ਚਾਰ ਨਾਵਲ, ਪੰਜ ਛੋਟੀਆਂ ਕਹਾਣੀਆਂ, ਦੇ ਨਾਟਕ ਜਦਕਿ ਇੱਕ-ਇੱਕ ਸੰਸਮਰਣ ਅਤੇ ਮਹਾਕਾਵਿ ਸੰਗ੍ਰਹਿ ਸ਼ਾਮਲ ਹਨ। ਸੁਬਰਾਮਣੀਅਮ ਤੇ ਮੋਇਲੀ ਤੋਂ ਇਲਾਵਾ ਹਰੀਸ਼ ਮੀਨਾਕਸ਼ੀ (ਗੁਜਰਾਤੀ), ਅਨਾਮਿਕਾ (ਹਿੰਦੀ), ਆਰ.ਐੱਸ. ਭਾਸਕਰ (ਕੋਂਕਣੀ), ਇਰੁੰਗਬਮ ਦੇਵਨ (ਮਣੀਪੁਰੀ), ਰੂਪਚੰਦ ਹੰਸਦਾ (ਸਾਂਤਾਲੀ), ਨਿਖਲੇਸ਼ਵਰ (ਤੇਲਗੂ), ਨੰਦ ਖਰੇ (ਮਰਾਠੀ), ਮਹੇਸ਼ਚੰਦਰ ਸ਼ਰਮਾ ਗੌਤਮ (ਸੰਸਕ੍ਰਿਤ), ਇਮਈਅਮ (ਤਾਮਿਲ), ਅਤੇ ਸ੍ਰੀ ਹੁਸੈਨ-ਉਲ-ਹੱਕ ਨੂੰ ਉਨ੍ਹਾਂ ਦੇ ਨਾਵਲਾਂ ਲਈ ਜਦਕਿ ਛੋਟੀ ਕਹਾਣੀ ’ਚ ਗੁਰਦੇਵ ਸਿੰਘ ਰੁਪਾਣਾ (ਪੰਜਾਬ), ਅਪੁਰਬਾ ਕੁਮਾਰ ਸੈਕਿਆ (ਆਸਾਮੀ), ਮਰਹੂਮ ਧਰਨੀਧਰ ਓਵਾਰੀ (ਬੋਡੋ), ਮਰਹੂਮ ਹਿਦੈ ਕੌਲ ਭਾਰਤੀ (ਕਸ਼ਮੀਰੀ) ਅਤੇ ਕਾਮਾਕਾਂਤ ਝਾਅ (ਮੈਥਾਲੀ) ਨੂੰ ਇਹ ਐਵਾਰਡ ਮਿਲੇਗਾ। ਇਨ੍ਹਾਂ ਤੋਂ ਇਲਾਵਾ ਗਿਆਨ ਸਿੰਘ (ਡੋਗਰੀ) ਅਤੇ ਜੇਥੋ ਲਾਲਵਾਨੀ (ਸਿੰਧੀ) ਨੂੰ ਉਨ੍ਹਾਂ ਦੇ ਨਾਟਕ ਲਈ ਜਦਕਿ ਮਨੀ ਸ਼ੰਕਰ ਮੁਖੋਪਾਧਿਆਏ (ਬੰਗਾਲੀ) ਨੂੰ ਉਨ੍ਹਾਂ ਦੇ ਸੰਸਮਰਣ ਲਈ ਇਹ ਐਵਾਰਡ ਦਿੱਤਾ ਜਾਵੇਗਾ। ਕੁਝ ਭਾਸ਼ਾਵਾਂ ਦੇ ਲੇਖਕਾਂ ਦੀ ਚੋਣ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। -ਪੀਟੀਆਈ