ਗਗਨਦੀਪ ਅਰੋੜਾ
ਲੁਧਿਆਣਾ, 3 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਘੇਰੀ ਬੈਠੀਆਂ ਹਨ, ਉਥੇ ਹੀ ਪੰਜਾਬ ਭਰ ਵਿੱਚ ਟੌਲ ਪਲਾਜ਼ੇ ਘੇਰੀ ਬੈਠੇ ਕਿਸਾਨ ਹਾਲੇ ਵੀ ਆਪਣੇ ਮੋਰਚਿਆਂ ’ਤੇ ਡਟੇ ਹੋਏ ਹਨ। ਸੂਬੇ ਦਾ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ੇ ’ਤੇ ਵੀ ਹਾਲੇ ਵੀ ਕਿਸਾਨਾਂ ਦਾ ਹੀ ਕਬਜ਼ਾ ਹੈ। ਅੰਮ੍ਰਿਤਸਰ ਤੇ ਦਿੱਲੀ ਦੇ ਵਿਚਾਲੇ ਹੋਣ ਕਾਰਨ ਹੁਣ ਇਹ ਟੌਲ ਪਲਾਜ਼ਾ ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਤੋਂ ਦਿੱਲੀ ਜਾਣ ਵਾਲੇ ਕਿਸਾਨਾਂ ਦਾ ਠਹਿਰਾਓ ਸਥਾਨ ਵੀ ਬਣਿਆ ਹੋਇਆ ਹੈ, ਜਿੱਥੇ ਦਿੱਲੀ ਜਾਣ ਵਾਲੇ ਕਿਸਾਨਾਂ ਲਈ ਚਾਹ-ਪਾਣੀ ਤੇ ਲੰਗਰ ਦਾ 24 ਘੰਟੇ ਇੰਤਜ਼ਾਮ ਹੈ। ਖਾਸ ਗੱਲ ਇਹ ਹੈ ਕਿ ਇਸ ਟੌਲ ਪਲਾਜ਼ਾ ਤੋਂ 50 ਲੱਖ ਰੁਪਏ ਰੋਜ਼ਾਨਾ ਦਾ ਟੌਲ ਟੈਕਸ ਇਕੱਠਾ ਹੁੰਦਾ ਸੀ ਪਰ 6 ਅਕਤੂਬਰ ਤੋਂ ਲਗਾਤਾਰ ਕਿਸਾਨ ਮੁਫ਼ਤ ਇਥੋਂ ਲੋਕਾਂ ਦੀਆਂ ਗੱਡੀਆਂ ਲੰਘਾ ਰਹੇ ਹਨ।
ਲਾਡੋਵਾਲ ਟੌਲ ਪਲਾਜ਼ਾ ’ਤੇ 6 ਅਕਤੂਬਰ ਤੋਂ ਡਿਊਟੀ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਤੀਰਥ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਭਾਵੇੇਂ ਦਿੱਲੀ ਘੇਰੀ ਹੋਈ ਹੈ ਪਰ ਜਿਸ ਥਾਂ ਤੋਂ ਕਿਸਾਨੀ ਸੰਘਰਸ਼ ਦੀ ਤਿਆਰੀ ਕੀਤੀ ਗਈ ਸੀ, ਉਨ੍ਹਾਂ ਮੋਰਚਿਆਂ ਨੂੰ ਕਿਸਾਨਾਂ ਨੇ ਛੱਡਿਆ ਨਹੀਂ ਹੈ। ਪੰਜਾਬ ਦੇ ਸਾਰੇ ਹੀ ਟੌਲ ਟੈਕਸ ਬੈਰੀਅਰਾਂ ’ਤੇ ਕਿਸਾਨਾਂ ਮੋਰਚੇ ਸੰਭਾਲੀ ਬੈਠੇ ਹਨ, ਲੋਕਾਂ ਦੀਆਂ ਗੱਡੀਆਂ ਮੁਫ਼ਤ ਲੰਘਾ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਇਨ੍ਹਾਂ ਟੌਲ ਪਲਾਜ਼ਿਆਂ ’ਤੇ 24 ਘੰਟੇ ਡਿਊਟੀ ਦੇ ਰਹੇ ਹਨ, ਕੁੱਝ ਕਿਸਾਨਾਂ ਦੀ ਦਿਨ ਵਾਲੇ ਡਿਊਟੀ ਹੈ ਤੇ ਕੁੱਝ ਦੀ ਰਾਤ ਵੇਲੇ। ਇਸ ਤੋਂ ਇਲਾਵਾ ਹੁਣ ਇਹ ਟੌਲ ਪਲਾਜ਼ਾ ਦਿੱਲੀ ਜਾਣ ਵਾਲੇ ਕਿਸਾਨਾਂ ਲਈ ਰਸਤੇ ਵਿੱਚ ਚਾਹ-ਪਾਣੀ ਸਮੇਤ ਆਰਾਮ ਲਈ ਠਹਿਰਾਓ ਸਥਾਨ ਵੀ ਬਣ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਜਿਹੜੇ ਕਿਸਾਨ ਅੰਮ੍ਰਿਤਸਰ ਵਾਲੇ ਪਾਸਿਓਂ ਦਿੱਲੀ ਜਾਂਦੇ ਹਨ, ਉਹ ਲਾਡੋਵਾਲ ਆ ਕੇ ਰੁਕਦੇ ਹਨ ਅਤੇ ਇੱਥੋਂ ਚਾਹ-ਪਾਣੀ ਛਕ ਕੇ ਅੱਗੇ ਰਵਾਨਾ ਹੁੰਦੇ ਹਨ। ਇੱਥੇ ਰੁਕਣ ਵਾਲੇ ਕਾਫ਼ਲਿਆਂ ਰਾਹੀਂ ਹੀ ਦਿੱਲੀ ਰਸਦ ਪਹੁੰਚਾਈ ਜਾਂਦੀ ਹੈ। ਇਥੇ 24 ਘੰਟੇ ਲੰਗਰ ਚੱਲਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਵੀ ਟਰਾਲੀਆਂ ਤੇ ਕਾਰਾਂ ’ਤੇ ਕਿਸਾਨ ਸੰਘਰਸ਼ ਦੀਆਂ ਝੰਡੀਆਂ ਨਹੀਂ ਲੱਗੀਆਂ ਹੁੰਦੀਆਂ, ਉਨ੍ਹਾਂ ਨੂੰ ਝੰਡੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇੱਥੇ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਸਾਂਝੇ ਤੌਰ ’ਤੇ ਮੋਰਚਾ ਲਗਾ ਕੇ ਬੈਠੇ ਹਨ। ਇਸ ਮੋਰਚੇ ’ਤੇ ਸਵਰਣ ਸਿੰਘ, ਤਾਰਾ ਸਿੰਘ, ਅਮਰੀਕ ਸਿੰਘ, ਕਮਲਜੀਤ ਸਿੰਘ ਡਿਊਟੀ ਦੇ ਰਹੇ ਹਨ।
ਕਿਸਾਨ ਅੰਦੋਲਨ ਨੂੰ ਹਰ ਵਰਗ ਦਾ ਸਮਰਥਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹੋਰਨਾਂ ਵਰਗਾਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਸੂਬੇ ਵਿੱਚ ਲੱਗ ਰਹੇ ਧਰਨਿਆਂ ਜਾਂ ਦਿੱਲੀ ਕੂਚ ਵਿੱਚ ਸ਼ਮੂਲੀਅਤ ਨਾ ਕਰਨ ਵਾਲੇ ਪੰਜਾਬੀਆਂ ਵੱਲੋਂ ਮਾਇਕ ਅਤੇ ਰਸਦ ਦੇ ਰੂਪ ਵਿੱਚ ਮਦਦ ਕੀਤੀ ਜਾਣ ਲੱਗੀ ਹੈ। ਕਿਸਾਨੀ ਅੰਦੋਲਨ ਨੂੰ ਸਮੁੱਚੇ ਪੰਜਾਬੀਆਂ ਨੇ ਅਪਣਾ ਲਿਆ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਿਆਂ ਤੇ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਸੂਬੇ ਵਿੱਚ ਅੱਜ ਵੀ 100 ਤੋਂ ਵੱਧ ਥਾਵਾਂ ’ਤੇ ਧਰਨੇ ਲਾਏ ਗਏ। ਕਿਸਾਨਾਂ ਵੱਲੋਂ ਟੌਲ ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿੱਚ ਧਰਨੇ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਦਾਅਵਾ ਹੈ ਕਿ ਦਿੱਲੀ ਅੰਦੋਲਨ ਤੋਂ ਬਾਅਦ ਪੰਜਾਬ ਵਿੱਚ ਲੱਗਣ ਵਾਲੇ ਧਰਨਿਆਂ ਵਿੱਚ ਇਕੱਠ ਪਹਿਲਾਂ ਨਾਲੋਂ ਵੀ ਵਧਣ ਲੱਗਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰੇਕ ਵਰਗ ਵੱਲੋਂ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੀ ਮੰਗ ਮੂਹਰੇ ਝੁਕਣਾ ਪਵੇਗਾ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਅੱਜ ਵੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜਾਰੀ ਧਰਨਿਆਂ ਦੌਰਾਨ 40 ਥਾਵਾਂ ’ਤੇ ਧਰਨੇ ਦਿੱਤੇ ਗਏ। ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਵੱਖਵਾਦੀ ਤੇ ਫ਼ਿਰਕੂ ਰੰਗਤ ਦੇਣ ਦਾ ਨੋਟਿਸ ਲੈਂਦਿਆਂ ਭਗਵਾਂ ਪਾਰਟੀ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀਆਂ ਚਾਲਾਂ ਕਿਸਾਨੀ ਸੰਘਰਸ਼ ਨੂੰ ਢਾਹ ਨਹੀਂ ਲਾ ਸਕਦੀਆਂ।