ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਨਵੰਬਰ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਅੱਜ ਪੰਜਾਬੀ ਭਾਸ਼ਾ ਨੂੰ ਸੁਰਜੀਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਭਾਸ਼ਾ ਲੋਪ ਹੋ ਰਹੀ ਹੈ ਤੇ ਇਸ ਦੇ ਅਮੀਰ ਸਾਹਿਤ ਦਾ ਹੋਰਨਾਂ ਭਾਸ਼ਾਵਾਂ ’ਚ ਅਨੁਵਾਦ ਕਰਨ ਦੀ ਲੋੜ ਹੈ।
ਪੰਜਾਬ ਕੇਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਸ੍ਰੀ ਵੋਹਰਾ ਜਿਨ੍ਹਾਂ ਦੀਆਂ ਪਰਿਵਾਰਕ ਜੜ੍ਹਾਂ ਅਣਵੰਡੇ ਪੰਜਾਬ ਵਿਚ ਸਨ, ਇੱਥੇ ਸਿੱਖ ‘ਮਨੁੱਖਤਾਵਾਦੀ ਲੇਖਕ’ ਕੁਲਵੰਤ ਸਿੰਘ ਵਿਰਕ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾ ਕੌਮਾਂਤਰੀ ਕਾਨਫ਼ਰੰਸ ‘ਹਿੰਦੁਸਤਾਨ ਦੀ ਵੰਡ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਹ ਕਾਨਫ਼ਰੰਸ ਦਿੱਲੀ ਯੂਨੀਵਰਸਿਟੀ ਅਧੀਨ ਆਉਂਦੇ ਮਾਤਾ ਸੁੰਦਰੀ ਮਹਿਲਾ ਕਾਲਜ ਵੱਲੋਂ ਕਰਵਾਈ ਜਾ ਰਹੀ ਹੈ।
ਸ੍ਰੀ ਵੋਹਰਾ ਨੇ ਇਹ ਕਾਨਫ਼ਰੰਸ ਕਰਵਾਉਣ ਦੇ ਕਾਲਜ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਕਾਨਫ਼ਰੰਸ ਵਿਚ ਦੇਸ਼ ਭਰ ’ਚੋਂ ਅਤੇ ਪਾਕਿਸਤਾਨ ਤੋਂ ਵਕਤਾ ਸ਼ਾਮਲ ਹਨ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਕਾਨਫ਼ਰੰਸ ਦੇ ਕਨਵੀਨਰ ਡਾ. ਵੀਨਾਕਸ਼ੀ ਸ਼ਰਮਾ ਨੂੰ ਪੰਜਾਬੀ ਸਾਹਿਤ ਦਾ ਅਨੁਵਾਦ ਕਰਨ ਦੇ ਕੰਮ ਵਿੱਚ ਸਾਹਿਤ ਅਕਾਦਮੀ ਨੂੰ ਸ਼ਾਮਲ ਕਰਨ ਅਤੇ ਕਿਫਾਇਤੀ ਦਰਾਂ ’ਤੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਲਈ ਨੈਸ਼ਨਲ ਬੁੱਕ ਟਰੱਸਟ ਦੀ ਮਦਦ ਲੈਣ ਲਈ ਕਿਹਾ। ਸ੍ਰੀ ਵੋਹਰਾ ਨੇ ਕਿਹਾ, ‘‘ਭਾਰੀ ਮਾਤਰਾ ਵਿਚ ਅਜਿਹਾ ਪੰਜਾਬੀ ਸਾਹਿਤ ਮੌਜੂਦ ਹੈ ਜਿਸ ਦਾ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਲੋੜ ਹੈ।’’
ਉਨ੍ਹਾਂ ਵੰਡ ਦੀਆਂ ਕਹਾਣੀਆਂ ਦੇ ਦਸਤਾਵੇਜ਼ੀਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਹੀ ਸਾਲਾਂ ’ਚ ਅਣਵੰਡੇ ਹਿੰਦੁਸਤਾਨ ਵਾਲੀ ਪੀੜ੍ਹੀ ਚਲੀ ਜਾਵੇਗੀ। ਇਹੀ ਸਮਾਂ ਹੈ ਉਨ੍ਹਾਂ ਦੀਆਂ ਯਾਦਾਂ ਨੂੰ ਇਕੱਤਰ ਕਰਨ ਦਾ।
ਇਸ ਦੌਰਾਨ ਵੰਡ ਬਾਰੇ ਬੋਲਦਿਆਂ ਸ੍ਰੀ ਵੋਹਰਾ ਨੇ ਕਿਹਾ, ‘‘ਪਾਕਿਸਤਾਨ ਨੇ ਇਸਲਾਮਿਕ ਮੁਲਕ ਬਣਨਾ ਪਸੰਦ ਕੀਤਾ ਜਦਕਿ ਭਾਰਤ ਨੇ ਸਮਾਜਵਾਦੀ ਜਮਹੂਰੀਅਤ ਬਣਨ ਦਾ ਰਾਹ ਚੁਣਿਆ। ਦੋਵੇਂ ਮੁਲਕ ਆਪੋ-ਆਪਣੀਆਂ ਰਾਹਾਂ ’ਤੇ ਤੁਰ ਪਏ। ਪਾਕਿਸਤਾਨ ਦੀ ਸ਼ੁਰੂਆਤ ਇਕ ਲੋਕਤੰਤਰ ਵਜੋਂ ਹੋਈ ਸੀ, ਪਰ 1958 ਵਿਚ ਫ਼ੌਜੀ ਜਰਨੈਲਾਂ ਨੇ ਸੱਤਾ ’ਤੇ ਕਬਜ਼ਾ ਕਰ ਲਿਆ। ਅਸੀਂ ਪਾਕਿਸਤਾਨ ਵਿਚ ਬਹੁਤ ਘੱਟ ਸਮਾਂ ਨਾਗਰਿਕ ਸ਼ਾਸਨ ਦੇਖਿਆ ਪਰ ਇਹ ਮੁਲਕ ਵੱਡੀ ਪੱਧਰ ’ਤੇ ਪਾਕਿਸਤਾਨੀ ਫ਼ੌਜ ਦੀ ਨਿਗਰਾਨੀ ਹੇਠ ਹੈ। ਸਾਨੂੰ ਇਹ ਦੇਖਣ ਹੋਵੇਗਾ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਅਤੇ ਹਾਲਾਤ ਆਮ ਵਰਗੇ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ। ਇਨ੍ਹਾਂ ਦੋਹਾਂ ਮੁਲਕਾਂ ਦੇ ਆਮ ਲੋਕ ਦੁਸ਼ਮਣ ਨਹੀਂ ਹਨ। ਅਸੀਂ ਇਹ ਇੱਛਾ ਕਰ ਸਕਦੇ ਹਾਂ ਕਿ ਅਗਲੀਆਂ ਪੀੜ੍ਹੀਆਂ ਸ਼ਾਂਤੀ ਵਿਚ ਵਿਸ਼ਵਾਸ ਰੱਖਣ।’’ ਉਨ੍ਹਾਂ ਕਿਹਾ, ‘‘ਭਾਰਤ ਨੇ ਕਦੇ ਵੀ ਹਮਲਾਵਰ ਰੁਖ਼ ਨਹੀਂ ਅਪਣਾਇਆ ਅਤੇ ਨਾ ਹੀ ਕਦੇ ਹੋਰਨਾਂ ਦੇਸ਼ਾਂ ਦੀ ਧਰਤੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ ਪਾਕਿਸਤਾਨ ਨੇ 1947, 1965, 1971 ਅਤੇ 1999 ਵਿਚ ਜੰਗ ਸ਼ੁਰੂ ਕੀਤੀ ਅਤੇ 1990 ਤੋਂ ਕਸ਼ਮੀਰ ਵਿਚ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਨੇ ਅਸਿੱਧੀ ਜੰਗ ਛੇੜੀ ਹੋਈ ਹੈ।’’ ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਪ੍ਰੋਫੈਸਰ ਬਲਦੇਵ ਸਿੰਘ ਧਾਲੀਵਾਲ ਨੇ ਬਿਆਨ ਕੀਤਾ ਕਿ ਕਿਵੇਂ ਕੁਲਵੰਤ ਸਿੰਘ ਉੱਚ ਕੋਟੀ ਦਾ ਕਹਾਣੀਕਾਰ ਸੀ। ਉਨ੍ਹਾਂ ਦੱਸਿਆ ਕਿ ਵਿਰਕ ਹੋਰਾਂ ਨੇ ਪਹਿਲਾਂ ਅਣਵੰਡੇ ਪੰਜਾਬ ਅਤੇ ਫਿਰ ਵੰਡ ਤੋਂ ਬਾਅਦ ਵਾਲੇ ਪੰਜਾਬ ਬਾਰੇ ਕਈ ਕਹਾਣੀਆਂ ਲਿਖੀਆਂ।