ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਸਤੰਬਰ
ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਕਵੀਸ਼ਰ ਗੁਰਦੀਪ ਸਿੰਘ ਪਰਵਾਨਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਨਾਸਾਜ਼ ਸੀ ਅਤੇ ਉਨ੍ਹਾਂ ਕੱਲ੍ਹ ਆਖ਼ਰੀ ਸਾਹ ਲਏ। ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਣਵੰਡੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿਚ 1942 ਨੂੰ ਜਨਮੇ ਗੁਰਦੀਪ ਸਿੰਘ ਪਰਵਾਨਾ ਪੰਜਾਬੀ ਸ਼ਾਇਰੀ ਦੇ ਨਾਲ-ਨਾਲ ਉੱਚ ਕੋਟੀ ਦੇ ਕਵੀਸ਼ਰ ਵੀ ਸਨ। ਉਨ੍ਹਾਂ ਜ਼ਿਕਰਯੋਗ ਸਾਹਿਤਕ ਅਤੇ ਇਤਿਹਾਸਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਬੇਵਕਤੀ ਤੁਰ ਜਾਣ ’ਤੇ ਸਿੱਖ ਚਿੰਤਕ ਅਤੇ ਲੇਖਕ ਦਿਲਜੀਤ ਸਿੰਘ ਬੇਦੀ, ਹਰਜੀਤ ਸਿੰਘ ਸੰਧੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਵਾਨਾ ਨਮਿਤ ਅੰਤਿਮ ਅਰਦਾਸ 26 ਸਤੰਬਰ ਨੂੰ ਗੁਰਦੁਆਰਾ ਕਬੀਰ ਪਾਰਕ ਵਿੱਚ 1 ਤੋਂ 2 ਵਜੇ ਤੱਕ ਹੋਵੇਗੀ।