ਪਟਿਆਲਾ (ਪੱਤਰ ਪ੍ਰੇਰਕ): ਵਧੀਕ ਡਾਇਰੈਕਟਰ ਭਾਸ਼ਾ ਵਿਭਾਗ ਵੀਰਪਾਲ ਕੌਰ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ-ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ’ਚੋਂ ਇਕ ਯੋਗਤਾ ਇਹ ਵੀ ਹੈ ਕਿ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਮੈਟ੍ਰਿਕ ਪੱਧਰ ਦੀ ਪੰਜਾਬੀ ਦੀ ਯੋਗਤਾ ਨਹੀਂ ਹੈ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 10 ਦਸੰਬਰ ਨੂੰ ਲਈ ਜਾਵੇਗੀ। ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 6 ਦਸੰਬਰ ਹੋਵੇਗੀ। ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿੱਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦੀ ਫੀਸ 2000 ਰੁਪਏ ਹੋਵੇਗੀ, ਜੋ ਨਕਦ ਵਸੂਲ ਕੀਤੀ ਜਾਵੇਗੀ।