ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ ਵਸਨੀਕ ਪੰਜਾਬੀ ਗਾਇਕ ਆਰ. ਨੇਤ ਨੂੰ ਗੈਂਗਸਟਰਾਂ ਵੱਲੋਂ ਧਮਕੀ ਮਿਲਣ ਦੇ ਮਾਮਲੇ ਤੋਂ ਬਾਅਦ ਇਸ ਇਲਾਕੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਸਬੰਧੀ ਗਾਇਕ ਆਰ.ਨੇਤ ਨਾਲ ਕੋਈ ਸੰਪਰਕ ਨਹੀਂ ਸਕਿਆ ਪਰ ਸ਼ੋਸਲ ਮੀਡੀਆ ’ਤੇ ਧਮਕੀ ਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਕਿਸੇ ਵਿਅਕਤੀ ਨੇ ਗਾਇਕ ਦੇ ਪੀਏ ਨੂੰ ਫੋਨ ਕਰ ਕੇ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ। ਗਾਇਕ ਆਰ.ਨੇਤ ਅੱਜਕੱਲ੍ਹ ਮੁਹਾਲੀ ਵਿੱਚ ਰਹਿ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਥਾਣਾ ਬਰੇਟਾ ਦੀ ਪੁਲੀਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ।