ਖੇਤਰੀ ਪ੍ਰਤੀਨਿਧ
ਪਟਿਆਲਾ, 2 ਫਰਵਰੀ
ਪੰਜਾਬੀ ਯੂਨੀਵਰਸਿਟੀ ਵੱਲੋਂ ਇਰਾਨ ਦੀ ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡੀਨੌਮੀਨੇਸ਼ਨਜ਼ ਨਾਲ ਇੱਕ ਅਕਾਦਮਿਕ ਇਕਰਾਰਨਾਮਾ (ਐੱਮਓਯੂ) ਕੀਤਾ ਗਿਆ ਹੈ। ਆਨਲਾਈਨ ਵਿਧੀ ਰਾਹੀਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਇਸ ਅਕਾਦਮਿਕ ਇਕਰਾਰਨਾਮੇ ਉੱਪਰ ਦੋਵੇਂ ਧਿਰਾਂ ਦੇ ਪ੍ਰਤੀਨਿਧੀਆਂ ਵੱਲੋਂ ਹਸਤਾਖ਼ਰ ਕੀਤੇ ਗਏ।
ਇਰਾਨ ਦੀ ਯੂਨੀਵਰਸਿਟੀ ਵੱਲੋਂ ਸਬੰਧਤ ਯੂਨੀਵਰਸਿਟੀ ਦੇ ਪ੍ਰਧਾਨ (ਪ੍ਰੈਜ਼ੀਡੈਂਟ) ਸੱਯਦ ਅਬੁਲ ਹਸਨ ਨਵਾਬ ਨੇ ਹਸਤਾਖ਼ਰ ਕੀਤੇ, ਜਦਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਦਸਤਖ਼ਤ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਵਿੱਚ ਇਹ ਇਕਰਾਰਨਾਮਾ ਇੱਥੋਂ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਨੇਪਰੇ ਚਾੜ੍ਹਿਆ ਗਿਆ। ਇਸ ਇਕਰਾਰਨਾਮੇ ਤਹਿਤ ਦੋਵੇਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਅਕਾਦਮਿਕ ਸਾਂਝ ਸਿਰਜਣ ਦੇ ਯਤਨ ਕੀਤੇ ਜਾਣਗੇ। ਭਵਿੱਖ ਵਿੱਚ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਫ਼ੈਕਲਟੀ ਮੈਂਬਰ ਇਸ ਇਕਰਾਰਨਾਮੇ ਤਹਿਤ ਆਪਸ ਵਿੱਚ ਮਿਲ ਕੇ ਕੰਮ ਕਰ ਸਕਣਗੇ।
ਉਦਹਾਰਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅਧਿਆਪਕ ਕੁਝ ਵਿਸ਼ੇਸ਼ ਪ੍ਰੋਗਰਾਮਾਂ ਲਈ ਇਰਾਨ ਯੂਨੀਵਰਸਿਟੀ ’ਚ ਜਾ ਸਕਣਗੇ ਤੇ ਉੱਥੋਂ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਵਿੱਚ ਆ ਸਕਣਗੇ। ਪੰਜਾਬੀ ਯੂਨੀਵਰਸਿਟੀ ਵਿਚਲੇ ਸੂਫ਼ੀ ਸੈਂਟਰ ਦੇ ਡਾਇਰੈਕਟਰ ਪ੍ਰੋ. ਮੁਹੰਮਦ ਹਬੀਬ ਨੇ ਕਿਹਾ ਕਿ ਇਹ ਇਕਰਾਰਨਾਮਾ ਸੱਭਿਆਚਾਰ ਤੇ ਸੂਫ਼ੀ ਵਿਚਾਰਾਂ ਦੀਆਂ ਜੜ੍ਹਾਂ ਨੂੰ ਸਮਝਣ ਵਿੱਚ ਸਹਾਈ ਹੋਵੇਗਾ। ਗੁਰਮਤਿ ਤੇ ਸੂਫ਼ੀ ਵਿਚਾਰਧਾਰਾ ਦੇ ਆਪਸੀ ਸਬੰਧਾਂ ਦੇ ਪ੍ਰਸੰਗ ਵਿੱਚ ਇਸ ਇਕਰਾਰਨਾਮੇ ਤਹਿਤ ਕਾਰਜ ਹੋ ਸਕਦਾ ਹੈ।