ਕਰਮਜੀਤ ਸਿੰਘ ਚਿੱਲਾ
ਬਨੂੜ, 8 ਸਤੰਬਰ
ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐੱਫਡੀਡੀਆਈ) ਦੀਆਂ 12 ਸੰਸਥਾਵਾਂ ’ਚੋਂ ਇੱਕ ਬਨੂੜ ਸਥਿਤ ਸੰਸਥਾ ਤੋਂ ਪੰਜਾਬ ਦੇ ਵਿਦਿਆਰਥੀ ਬੇਮੁਖ ਹੋਏ ਬੈਠੇ ਹਨ। ਇਹ ਸੰਸਥਾ 2018 ਵਿੱਚ 100 ਕਰੋੜ ਦੀ ਵੱਧ ਦੀ ਲਾਗਤ ਨਾਲ ਬਨੂੜ ’ਚ ਸਵਾ ਸੱਤ ਏਕੜ ’ਚ ਉਸਾਰੀ ਗਈ ਸੀ।
ਇੱਥੇ ਚੱਲ ਰਹੇ ਪੰਜ ਤਰ੍ਹਾਂ ਕੋਰਸਾਂ ਵਿੱਚ ਪਿਛਲੇ ਦੋ ਵਰ੍ਹਿਆਂ ਦੌਰਾਨ 177 ਵਿਦਿਆਰਥੀਆਂ ਨੇ ਦਾਖਲਾ ਲਿਆ, ਜਿਨ੍ਹਾਂ ਵਿੱਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਸਿਰਫ 12 ਹੈ ਤੇ ਉਹ ਵੀ ਸਿਰਫ ਲੜਕੀਆਂ। ਚਾਲੂ ਵਰ੍ਹੇ ਦੌਰਾਨ 300 ਸੀਟਾਂ ਦੀ ਚੱਲ ਰਹੀ ਪ੍ਰਕਿਰਿਆ ’ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਸਿਰਫ ਤਿੰਨ ਹੈ। ਇੱਥੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ ਵਿਦਿਆਰਥੀ ਪੜ੍ਹ ਰਹੇ ਹਨ। ਤੀਜਾ ਨੰਬਰ ਦਿੱਲੀ ਦੇ ਵਿਦਿਆਰਥੀਆਂ ਦਾ ਹੈ।
ਸੰਸਥਾ ਦੇ ਮੁਖੀ ਡਾ. ਅਵਿਨਾਸ਼ ਵਾਜਪਾਈ, ਫੁੱਟਵੀਅਰ ਵਿਭਾਗ ਦੇ ਮੁਖੀ ਅਜੈ ਸਹਾਏ, ਫੈਸ਼ਨ ਡਿਜ਼ਾਈਨ ਵਿਭਾਗ ਦੇ ਮੁਖੀ ਗੌਰੀ ਭਾਟੀਆ, ਲੈਦਰ ਗੁੱਡਜ਼ ਦੇ ਮੁਖੀ ਗੌਰਵ ਅਤੇ ਰਿਟੇਲ ਵਿਭਾਗ ਦੇ ਮੁਖੀ ਮਾਨਿਕਾ ਨੇ ਦੱਸਿਆ ਕਿ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਕੂਲਾਂ/ਕਾਲਜਾਂ ਵਿੱਚ ਜਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਇਸ ਵਿੱਚ ਕੋਈ ਰੁਚੀ ਨਹੀਂ ਵਿਖਾ ਰਿਹਾ।
ਉਨ੍ਹਾਂ ਦੱਸਿਆ ਕਿ ਇੱਥੇ ਫੁੱਟਵੀਅਰ, ਫੈਸ਼ਨ, ਲੈਦਰ ਅਸੈੱਸਰੀਜ਼ ਅਤੇ ਰਿਟੇਲ ਮੈਨੇਜਮੈਂਟ ਦੇ ਕੋਰਸ ਕਰਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਸੌ ਫ਼ੀਸਦੀ ਪਲੇਸਮੈਂਟ ਹੈ। ਉਨ੍ਹਾਂ ਦੱਸਿਆ ਕਿ ਨੌਕਰੀਆਂ ਲਈ ਐੱਫਡੀਡੀਆਈ ਦਾ ਬਾਟਾ, ਜ਼ਾਰਾ, ਨਾਈਕ, ਰੀਬਾਕ ਸਮੇਤ ਦਰਜਨਾਂ ਬਹੁਕੌਮੀ ਕੰਪਨੀਆਂ ਨਾਲ ਸਮਝੌਤਾ ਹੈ।
ਸੰਸਥਾ ਦੇ ਮੁਖੀ ਡਾ. ਵਾਜਪਾਈ ਨੇ ਦੱਸਿਆ ਕਿ ਐੱਫ਼ਡੀਡੀਆਈ ਨੇ ਪਹਿਲੀ ਵਾਰ ਪੰਜਾਬ ਦੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦਾਖਲਾ ਪ੍ਰੀਖਿਆ ਦੇ ਸਿੱਧਾ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਵਿਸ਼ੇਸ਼ ਦਾਖਲਾ ਮੁਹਿੰਮ 17 ਸਤੰਬਰ ਤੱਕ ਚੱਲਦੀ ਰਹੇਗੀ।
ਅਕਾਲੀ ਦਲ ਨੇ ਮੈਡੀਕਲ ਸਿੱਖਿਆ ਲਈ ਸਬਸਿਡੀ ਮੰਗੀ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਵੇਲੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮਬੀਬੀਐਸ ਕੋਰਸਾਂ ਲਈ ਫੀਸਾਂ ਵਿਚ 75 ਫੀਸਦੀ ਵਾਧਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ ਐਮਬੀਬੀਐਸ ਦੀ ਫੀਸ ਘਟਾਉਣ ਦੀ ਜ਼ਰੂਰਤ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਧਾਰਨ ਪਿਛੋਕੜ ਵਾਲੇ ਵਿਦਿਆਰਥੀ ਵੀ ਡਾਕਟਰ ਬਣ ਸਕਣ।