ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜੁਲਾਈ
ਕਿਸਾਨ ਯੂਨੀਅਨਾਂ ਦੇ ਡੇਢ ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੇ ਬਾਵਜੂਦ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਅੱਜ ਭਾਰੀ ਪੁਲੀਸ ਸੁਰੱਖਿਆ ਹੇਠ ਖੋਲ੍ਹ ਦਿੱਤਾ ਗਿਆ ਹੈ। ਹੁਣ ਯਾਤਰੀਆਂ ਨੂੰ ਇੱਥੋਂ ਲੰਘਣ ਲਈ ਭਾਰੀ ਕੀਮਤ ਤਾਰਨੀ ਪਵੇਗੀ। ਟੌਲ ਪਲਾਜ਼ੇ ’ਤੇ ਅੱਜ ਤੜਕੇ ਤੋਂ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਹਾਲਾਂਕਿ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਦੇ ਸੱਦੇ ’ਤੇ ਕੁੱਝ ਕਿਸਾਨ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਟੌਲ ਪਲਾਜ਼ਾ ਖੋਲ੍ਹਣ ਤੋਂ ਰੋਕਣ ਲਈ ਇੱਥੇ ਇਕੱਠੇ ਹੋਏ ਸਨ। ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।