ਜਗਮੋਹਨ ਸਿੰਘ
ਘਨੌਲੀ, 12 ਜੂਨ
ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਪੰਜਾਬ ਦੀ ਸਰਹੱਦ ਤੱਕ ਖੋਦੀ ਗਈ ਬਰਸਾਤੀ ਪਾਣੀ ਦੀ ਨਿਕਾਸੀ ਡਰੇਨ ਨੇ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਵਸੇ ਪਿੰਡ ਬਿੱਕੋਂ, ਸੈਣੀਮਾਜਰਾ ਜੱਟ ਪੱਤੀ, ਸੈਣੀਮਾਜਰਾ ਢੱਕੀ ਅਤੇ ਇੰਦਰਪੁਰਾ ਪਿੰਡਾਂ ਦੇ ਵਸਨੀਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਆਪਣੀ ਝੋਨੇ ਦੀ ਫਸਲ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਮੀਡੀਆ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਪੁੱਟੀ ਡਰੇਨ ਦਿਖਾਉਂਦਿਆਂ ਕੁਦਰਤ ਦੇ ਬੰਦੇ ਗਰੁੱਪ ਘਨੌਲੀ ਦੇ ਸੰਚਾਲਕ ਵਿੱਕੀ ਧੀਮਾਨ, ਸਰਪ੍ਰਸਤ ਕੁਲਦੀਪ ਸਿੰਘ, ਪਿੰਡ ਬਿੱਕੋਂ ਦੇ ਸਰਪੰਚ ਸਰਵਣ ਸਿੰਘ, ਪੰਚਾਇਤ ਮੈਂਬਰ ਕੁਲਵਿੰਦਰ ਕੌਰ, ਦਿਆਲ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਉਂਦਾ ਆ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਆਪਣੇ ਇਲਾਕੇ ਵਿੱਚ ਡਰੇਨ ਖੋਦ ਕੇ ਉਸ ਨੂੰ ਪੰਜਾਬ ਦੀ ਸਰਹੱਦ ਨੇੜੇ ਸਰਸਾ ਨਦੀ ਤੱਕ ਲਿਆ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰੇਨ ਦੀ ਖੁਦਾਈ ਕਰਨ ਵਾਲੇ ਠੇਕੇਦਾਰ ਨੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਾਲੀ ਸਾਈਡ ਤਾਂ ਕਾਫੀ ਉੱਚੀ ਮਿੱਟੀ ਪਾ ਕੇ ਬੰਨ੍ਹ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਹੈ, ਜਦੋਂ ਕਿ ਪੰਜਾਬ ਵਾਲੀ ਸਾਈਡ ਮਿੱਟੀ ਬਹੁਤ ਹੀ ਘੱਟ ਪਾਈ ਗਈ ਹੈ। ਇਸ ਕਾਰਨ ਬਰਸਾਤ ਦਾ ਸਾਰਾ ਪਾਣੀ ਉੱਛਲ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਵਿੱਚ ਦਾਖਲ ਹੋ ਜਾਵੇਗਾ। ਉਨ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਡਰੇਨ ਦੇ ਪੰਜਾਬ ਵਾਲੇ ਪਾਸੇ ਦੇ ਬੰਨ੍ਹ ਨੂੰ ਚੰਗੀ ਤਰ੍ਹਾਂ ਮਜ਼ਬੂਤ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।