ਜੋਗਿੰਦਰ ਸਿੰਘ ਓਬਰਾਏ/ ਦੇਵਿੰਦਰ ਸਿੰਘ ਜੱਗੀ
ਖੰਨਾ/ਪਾਇਲ, 17 ਮਾਰਚ
ਪੁਲੀਸ ਜ਼ਿਲ੍ਹਾ ਖੰਨਾ ਅਧੀਨ ਪਿੰਡ ਕੋਟ ਸੇਖੋਂ ਵਿਖੇ ਅੱਜ ਸਵੇਰੇ ਮੜ੍ਹੀਆਂ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਚਰਨਜੀਤ ਕੌਰ (40 ਸਾਲ) ਵਜੋਂ ਹੋਈ। ਪਿੰਡ ਕੋਟ ਸੇਖੋਂ ਦੀ ਟਰਾਂਸਪੋਰਟਰ ਜਸਪਾਲ ਸਿੰਘ ਦੀ ਪਤਨੀ ਚਰਨਜੀਤ ਕੌਰ 13 ਮਾਰਚ ਤੋਂ ਲਾਪਤਾ ਸੀ। ਲਾਸ਼ ਨਿਰਵਸਤਰ ਹਾਲਤ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਹੋਈ ਸੀ, ਜਿਸ ਨੂੰ ਹੱਡਾਰੋੜੀ ਦੇ ਕੁੱਤਿਆਂ ਨੇ ਨੋਚਿਆ ਹੋਇਆ ਸੀ। ਮਰਹੂਮ ਦੇ ਦਿਓਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸੁਖਵਿੰਦਰ ਸਿੰਘ ਨਾਲ ਆਪਣੀ ਭਾਬੀ ਦੇ ਕਥਿਤ ਨਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਮ੍ਰਿਤਕ ਦੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ (ਅਖੌਤੀ ਤਾਂਤ੍ਰਿਕ) ਨੇ ਉਨ੍ਹਾਂ ਦਾ ਭਰੋਸਾ ਜਿੱਤ ਕੇ ਘਰ ਆਉਣਾ ਜਾਣਾ ਸ਼ੁਰੂ ਕੀਤਾ ਅਤੇ 13 ਮਾਰਚ ਦੀ ਸ਼ਾਮ ਨੂੰ ਉਸ ਦੀ ਪਤਨੀ ਨਾਲ ਭੱਜ ਗਿਆ। ਇਸ ਸਬੰਧੀ ਐੱਸਪੀ ਤੇਜਿੰਦਰ ਸਿੰਘ ਸੰਧੂ, ਡੀਐੱਸਪੀ ਮਨਮੋਹਨ ਸਰਨਾ, ਹਰਦੀਪ ਸਿੰਘ ਚੀਮਾ ਅਤੇ ਵਿਨੋਦ ਕੁਮਾਰ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਮ੍ਰਿਤਕਾਂ ਦਾ ਹੱਥ ਕੱਟਿਆ ਹੋਇਆ ਹੈ ਅਤੇ ਗਲੇ ’ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਲਾਸ਼ ਪਾਸੋਂ ਹਥਿਆਰ ਅਤੇ ਉਸ ਦੇ ਕੱਪੜਿਆ ਦਾ ਥੈਲਾ ਬਰਾਮਦ ਹੋਇਆ।