ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਰੇਤ ਮਾਫੀਆ ਦੇ ਮੁੱਦੇ ’ਤੇ ਹਾਕਮ ਧਿਰ ਤੇ ਵਿਰੋਧੀ ਧਿਰ ਆਪਸ ਵਿਚ ਭਿੜ ਪਈ। ਇਸ ਮਾਮਲੇ ਵਿਚ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੀ ਕਾਂਗਰਸੀ ਹਕੂਮਤ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਤਾਂ ਕਾਂਗਰਸੀ ਵਿਧਾਇਕ ਭੜਕ ਉੱਠੇ। ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕੇਜਰੀਵਾਲ ਆਖਦੇ ਰਹੇ ਹਨ ਕਿ ਰੇਤਾ ਬਜਰੀ ਤੋਂ 20 ਹਜ਼ਾਰ ਕਰੋੜ ਦੀ ਕਮਾਈ ਹੋਵੇਗੀ, ਕੀ ਸਰਕਾਰ ਨੇ ਤਿੰਨ ਮਹੀਨੇ ਵਿਚ 30 ਕਰੋੜ ਰੁਪਏ ਕਮਾਏ ਹਨ।
ਵਜ਼ੀਰ ਹਰਜੋਤ ਬੈਂਸ ਨੇ ਕਿਹਾ ਕਿ ਰੇਤਾ ਬਜਰੀ ਦਾ ਗ਼ੈਰਕਾਨੂੰਨੀ ਧੰਦਾ ਬੰਦ ਹੋ ਗਿਆ ਹੈ ਅਤੇ ਹੁਣ ਕਾਨੂੰਨੀ ਤੌਰ ’ਤੇ ਬਣਦੀ ਰੇਤ ਹੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ 70 ਫੀਸਦੀ ਆਮਦਨੀ ਘਟਾ ਦਿੱਤੀ ਹੈ ਅਤੇ ਕਾਂਗਰਸ ਸਰਕਾਰ ਨੇ ਆਪਣੇ ਸਮੇਂ 108 ਕਰੋੜ ਦੇ ਸਾਲਸੀ ਵਾਲੇ ਕੇਸਾਂ ਦੀ ਪੈਰਵੀ ਨਹੀਂ ਕੀਤੀ। ਬੈਂਸ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਦੇ ਕਿਸੇ ਮੰਤਰੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਨੇ ਸਾਬਕਾ ਵਿਧਾਇਕ ’ਤੇ ਪਰਚਾ ਵੀ ਦਰਜ ਕਰਾਇਆ ਹੈ। ਇਸ ਤੋਂ ਬਾਅਦ ਵਿਰੋੋਧੀ ਧਿਰ ਦੇ ਆਗੂ ਭੜਕ ਉੱਠੇ। ਉਨ੍ਹਾਂ ਕਿਹਾ ਕਿ ਰੇਤ ਮਾਫੀਏ ਬਾਰੇ ਤੱਥ ਪੇਸ਼ ਕੀਤੇ ਜਾਣ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਖਦੇ ਸਨ ਕਿ ਉਨ੍ਹਾਂ ਕੋਲ ਰੇਤ ਮਾਫੀਏ ਵਿਚ ਸ਼ਾਮਲ ਲੋਕਾਂ ਦੀ ਸੂਚੀ ਹੈ। ਉਨ੍ਹਾਂ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਕੋਈ ਅਜਿਹੀ ਸੂਚੀ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ ਸਦਨ ਵਿਚ ਹੰਗਾਮਾ ਹੋ ਗਿਆ ਅਤੇ ਕਾਂਗਰਸੀ ਵਿਧਾਇਕ ਬੈਂਚਾਂ ’ਤੇ ਖੜ੍ਹੇ ਹੋ ਗਏ। ਸ੍ਰੀ ਬੈਂਸ ਨੇ ਬਾਜਵਾ ਨੂੰ ਕਿਹਾ ਕਿ ਉਨ੍ਹਾਂ ਦਾ ਕੈਪਟਨ ਨਾਲ ਬਹੁਤ ਪਿਆਰ ਹੈ। ਬਾਜਵਾ ਨੇ ਕਿਹਾ ਕਿ ਮਾਈਨਿੰਗ ’ਚ ਸ਼ਾਮਲ ਅਫਸਰਾਂ ਦੇ ਨਾਂ ਦੱਸੇ ਜਾਣ। ਉਨ੍ਹਾਂ ਕਿਹਾ ਕਿ ਭਾਵੇਂ ਕਾਰਵਾਈ ਕੈਪਟਨ ਤੋਂ ਹੀ ਸ਼ੁਰੂ ਕੀਤੀ ਜਾਵੇ। ਬੈਂਸ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 277 ਪੁਲੀਸ ਕੇਸ ਦਰਜ ਕੀਤੇ ਹਨ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਾਈਵੇਟ ਖੰਡ ਮਿੱਲਾਂ ਵੱਲ ਗੰਨਾ ਉਤਪਾਦਕਾਂ ਦੇ 313.21 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਸਹਿਕਾਰੀ ਖੰਡ ਮਿੱਲਾਂ ਲਈ ਨਵੇਂ ਬਜਟ ਵਿਚ 300 ਕਰੋੋੜ ਦਾ ਉਪਬੰਧ ਕਰਨ ਲਈ ਵਿੱਤ ਵਿਭਾਗ ਨੂੰ ਤਜਵੀਜ਼ ਭੇਜੀ ਗਈ ਹੈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਸਾਰੇ ਬਕਾਏ ਕਲੀਅਰ ਕਰ ਦਿੱਤੇ ਸਨ। ਪ੍ਰਿੰਸੀਪਲ ਬੁੱਧ ਰਾਮ ਨੇ ਗਰੀਬ ਬੱਚਿਆਂ ਦੀ ਪ੍ਰੀਖਿਆ ਫੀਸ ਮੁਆਫੀ ਦਾ ਮਾਮਲਾ ਚੁੱਕਿਆ।
ਪੰਜਾਬ ਦੇ ਪਿੰਡ-ਪਿੰਡ ਖੇਡ ਮੈਦਾਨ ਬਣਾਵਾਂਗੇ: ਮੀਤ ਹੇਅਰ
ਵਿਕਰਮਜੀਤ ਸਿੰਘ ਚੌਧਰੀ ਨੇ ਫਿਲੌਰ ਵਿਚ ਖੇਡ ਸਟੇਡੀਅਮ ਨਾ ਹੋੋਣ ਦਾ ਮੁੱਦਾ ਚੁੱਕਿਆ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਪਿੰਡ-ਪਿੰਡ ਖੇਡ ਗਰਾਊਂਡ ਬਣਾਏਗੀ, ਪਿਛਲੀਆਂ ਸਰਕਾਰਾਂ ਨੇ ਸਟੇਡੀਅਮਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਪਰ ਗਰਾਊਂਡ ਨਹੀਂ ਬਣਾਏ| ਉਨ੍ਹਾਂ ਕਿਹਾ ਕਿ ਮਾਹਲਪੁਰ ਫੁਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਇੱਥੇ ਦੋ ਕਰੋੜ ਦੀ ਲਾਗਤ ਨਾਲ ਸਟੇਡੀਅਮ ਤਾਂ ਬਣਾ ਦਿੱਤਾ ਪਰ ਮੋਟਰ ਦਾ 60 ਹਜ਼ਾਰ ਦਾ ਬਿੱਲ ਭਰਿਆ ਨਹੀਂ ਗਿਆ। ਵਿਧਾਇਕ ਜੈ ਕਿਸ਼ਨ ਰੌੜੀ ਨੇ ਕਿਹਾ ਕਿ ਇੱਥੋਂ ਦੀ ਮੈੱਸ ਦਾ ਟੈਂਡਰ ਵੀ ਨਹੀਂ ਹੋਇਆ।
ਕੁੰਵਰ ਵਿਜੈ ਪ੍ਰਤਾਪ ਨੇ ਸਰਕਟ ਹਾਊਸ ਦਾ ਮਾਮਲਾ ਚੁੱਕਿਆ
ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਜਾਣ ਦਾ ਮੁੱਦਾ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਚੁੱਕਿਆ। ਵਿਧਾਇਕ ਨੇ ਸਦਨ ਵਿਚ ਪੁੱਛਿਆ ਕਿ ਕੀ ਪ੍ਰਾਈਵੇਟ ਕੰਪਨੀ ਸਰੋਵਰ ਹੋਟਲਜ਼ ਦਾ ਸਾਬਕਾ ਉਪ ਮੁੱਖ ਮੰਤਰੀ ਓ ਪੀ ਸੋਨੀ ਜਾਂ ਡਾਇਰੈਕਟਰ ਸੰਦੀਪ ਸੋਨੀ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਸਰਕਟ ਹਾਊਸ ਨੂੰ ਪ੍ਰਾਈਵੇਟ ਕੰਪਨੀ ਕੋਲ ਗਿਰਵੀ ਰੱਖ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਵਿਧਾਇਕ ਕੋਲ ਕੋਈ ਸਬੂਤ ਹਨ ਤਾਂ ਉਹ ਦੇਣ, ਇਸ ਮਗਰੋਂ ਸਖਤ ਕਾਰਵਾਈ ਕੀਤੀ ਜਾਵੇਗੀ।
80 ਫੀਸਦੀ ਪਿੰਡਾਂ ’ਚ ਇੱਕ ਤੋਂ ਵੱਧ ਸ਼ਮਸ਼ਾਨਘਾਟ: ਧਾਲੀਵਾਲ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਮਸ਼ਾਨਘਾਟਾਂ ਦੀਆਂ ਸਮੱਸਿਆਵਾਂ ਦੱਸੀਆਂ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੱਠਜੋੜ ਸਰਕਾਰ ਸਮੇਂ 2016-17 ਵਿਚ ਦੋ ਸ਼ਮਸ਼ਾਨਘਾਟਾਂ ਤੋਂ ਇੱਕ ਸ਼ਮਸ਼ਾਨਘਾਟ ਕਰਨ ਵਾਲੇ ਪਿੰਡਾਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਮਾਮਲੇ ’ਤੇ ਸਰਕਾਰਾਂ ਨੇ ਜਾਗਰੂਕਤਾ ਮੁਹਿੰਮ ਨਹੀਂ ਚਲਾਈ। ਉਨ੍ਹਾਂ ਦੱਸਿਆ ਕਿ ਗਰਾਮ ਸਭਾਵਾਂ ਜ਼ਰੀਏ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਰੀਬ 80 ਫੀਸਦੀ ਪਿੰਡਾਂ ਵਿਚ ਇੱਕ ਤੋਂ ਜ਼ਿਆਦਾ ਸ਼ਮਸ਼ਾਨਘਾਟ ਹਨ। ਵਿਧਾਇਕ ਗਿਆਸਪੁਰਾ ਨੇ ਜਾਤ ਪਾਤ ਦਾ ਜ਼ਿਕਰ ਕੀਤਾ।