ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਸਤੰਬਰ
ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਹੋ ਚੁੱਕੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੇ ਆਦੇਸ਼ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਅੱਜ ਇਸ ਸਬੰਧੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 18-19 ਮਈ 2016 ਨੂੰ ਅਗਨ ਭੇਟ ਹੋਏ ਸਰੂਪਾਂ ਦੀ ਗਿਣਤੀ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ’ਤੇ ਸਵਾਲ ਖੜ੍ਹੇ ਕੀਤੇ ਹਨ।
ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਬ ਕਮੇਟੀ ਨੂੰ ਇਕ ਪੱਤਰ ਭੇਜ ਕੇ ਦਾਅਵਾ ਕੀਤਾ ਹੈ ਕਿ 18-19 ਮਈ 2016 ਨੂੰ ਅੱਗ ਅਤੇ ਪਾਣੀ ਨਾਲ ਲਗਪਗ 80 ਸਰੂਪ ਨੁਕਸਾਨੇ ਗਏ ਸਨ।
ਇਸ ਦਾ ਜ਼ਿਕਰ ਪਬਲੀਕੇਸ਼ਨ ਵਿਭਾਗ ਦੇ ਸੇਵਾ ਮੁਕਤ ਹੋਏ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ 20 ਫਰਵਰੀ 2020 ਨੂੰ ਮੁੱਖ ਸਕੱਤਰ ਨੂੰ ਭੇਜੇ ਗਏ ‘ਆਫਿਸ ਨੋਟ’ ਵਿਚ ਕੀਤਾ ਹੈ। ਉਸ ਨੇ ਆਪਣੇ ਇਸ ਨੋਟ ਵਿੱਚ ਲਿਖਿਆ ਹੈ ਕਿ ਅਚਾਨਕ ਅੱਗ ਲੱਗਣ ਅਤੇ ਪਾਣੀ ਨਾਲ 80 ਸਰੂਪ, ਜੋ ਦਰਮਿਆਨੇ ਸਾਇਜ਼ ਦੇ ਸਨ, ਨੁਕਸਾਨੇ ਗਏ ਸਨ। ਪਾਵਨ ਸਰੂਪ ਪ੍ਰਕਾਸ਼ ਯੋਗ ਨਾ ਰਹਿਣ ਕਾਰਨ ਸਸਕਾਰ ਲਈ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਸਨ। ਪਾਵਨ ਸਰੂਪ ਅਤੇ ਸਾਮਾਨ ਬਾਰੇ ਸਟਾਕ ਅਤੇ ਲੈਜਰਾਂ ਵਿਚ ਜ਼ਿਕਰ ਕਰਨ ਲਈ ਕਾਰਵਾਈ ਵਾਸਤੇ ਰਿਪੋਰਟ ਭੇਜੀ ਗਈ ਹੈ। ਇਸ ਦਫਤਰੀ ਨੋਟ ਦੇ ਹੇਠਾਂ ਮੁੱਖ ਸਕੱਤਰ ਰੂਪ ਸਿੰਘ ਵੱਲੋਂ ਦਸਤਖਤ ਕਰਕੇ ਇਹ ਮਾਮਲਾ ਮੀਤ ਸਕੱਤਰ ਕੋਲ ਰਿਪੋਰਟ ਕਰਨ ਲਈ ਭੇਜਿਆ ਗਿਆ ਹੈ। ਸੰਗਠਨ ਆਗੂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਇਸ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜ ਸਰੂਪ ਅਗਨ ਭੇਟ ਹੋਏ ਹਨ ਅਤੇ 9 ਸਰੂਪ ਪਾਣੀ ਨਾਲ ਨੁਕਸਾਨੇ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਮਹਿਤਾ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ, ਜਿਨ੍ਹਾਂ ਨੇ ਇਸ ਮਾਮਲੇ ਵਿਚ ਇਖਲਾਕੀ ਤੌਰ ’ਤੇ ਅਸਤੀਫਾ ਦੇ ਦਿੱਤਾ ਸੀ, ਨੇ ਆਖਿਆ ਕਿ ਇਹ ਦਫਤਰੀ ਨੋਟ ਉਨ੍ਹਾਂ ਦਾ ਨਹੀਂ ਸਗੋਂ ਕੰਵਲਜੀਤ ਸਿੰਘ ਦਾ ਹੈ, ਜਿਸ ਨੂੰ ਉਨ੍ਹਾਂ ਨੇ ਕਾਰਵਾਈ ਲਈ ਭੇਜ ਦਿੱਤਾ ਸੀ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਕੀ ਕਾਰਵਾਈ ਹੋਈ, ਇਹ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਹੋਵੇਗਾ। ਇਸ ਬਾਰੇ ਫਲਾਇੰਗ ਵਿਭਾਗ ਵੱਲੋਂ ਵੀ ਜਾਂਚ ਕੀਤੀ ਗਈ ਸੀ।
ਕੋਈ ਝੂਠ ਨਹੀ ਬੋਲਿਆ: ਮਹਿਤਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਖਿਆ ਕਿ ਉਨ੍ਹਾਂ ਇਸ ਸਬੰਧ ਵਿਚ ਕੋਈ ਝੂਠ ਨਹੀਂ ਬੋਲਿਆ ਹੈ ਅਤੇ ਜਾਂਚ ਰਿਪੋਰਟ ਵਿਚ ਦਿੱਤੇ ਵੇਰਵਿਆਂ ਵਿਚ ਦਰਜ ਹੈ ਕਿ ਅੱਗ ਲਗਣ ਨਾਲ ਨੁਕਸਾਨੇ ਸਰੂਪਾਂ ਦੀ ਗਿਣਤੀ ਸਿਰਫ਼ 14 ਹੀ ਹੈ। ਉਨਾਂ ਦੋਸ਼ ਲਾਇਆ ਕਿ ਸੇਵਾਮੁਕਤ ਕਰਮਚਾਰੀ ਵਲੋਂ ਇਸ ਨੋਟ ਰਾਹੀਂ ਆਪਣੀ ਗ਼ਲਤੀ ਲੁਕਾਉਣ ਦਾ ਯਤਨ ਕੀਤਾ ਗਿਆ ਸੀ।