ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
ਰੂਸ ਤੇ ਯੂਕਰੇਨ ਵਿਚਕਾਰ ਜੰਗ ਅਤੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਖ਼ਦਸ਼ੇ ਕਾਰਨ ਪੰਜਾਬ ’ਚ ਤੇਲ ਖ਼ਰੀਦਣ ਲਈ ਪੰਪਾਂ ’ਤੇ ਕਤਾਰਾਂ ਲੱਗ ਗਈਆਂ ਹਨ। ਕਿਸਾਨਾਂ ਵੱਲੋਂ ਕਣਕ ਦੀ ਵਾਢੀ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਡੀਜ਼ਲ ਸਟੋਰ ਕੀਤਾ ਜਾ ਰਿਹਾ ਹੈ। ਕਈ ਪੈਟਰੋਲ ਪੰਪਾਂ ’ਚ ਤੇਲ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਤੇ ਵੀ ਅਸਰ ਪੈ ਰਿਹਾ ਹੈ।
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਜ਼ਿਲ੍ਹੇ ਦੇ ਕਾਫ਼ੀ ਪੈਟਰੋਲ ਪੰਪਾਂ ’ਤੇ ਅੱਜ ਤੇਲ ਲੈਣ ਲਈ ਲੰਮੀਆਂ ਕਤਾਰਾਂ ਲੱਗੀਆਂ ਮਿਲੀਆਂ, ਪਰ ਪੈਟਰੋਲ ਪੰਪਾਂ ’ਤੇ ਲੋੜੀਂਦਾ ਸਟਾਕ ਉਪਲੱਬਧ ਨਾ ਹੋਣ ਕਰਕੇ ਕਿਸਾਨਾਂ ਅਤੇ ਲੋਕਾਂ ਨੂੰ ਉਡੀਕ ਕਰਨੀ ਪੈ ਰਹੀ ਹੈ। ਕਈ ਥਾਈਂ ਇਹ ਕਤਾਰਾਂ 10 ਘੰਟਿਆਂ ਤੋਂ ਲੱਗੀਆਂ ਹੋਈਆਂ ਹਨ। ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਖਦਸ਼ਾ ਹੈ ਕਿ ਯੂਕਰੇਨ ’ਤੇ ਹੋਏ ਹਮਲੇ ਕਾਰਨ ਤੇਲ ਦੇ ਭਾਅ ਵਿੱਚ ਵੱਡਾ ਉਛਾਲ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ ਲਈ ਡੀਜ਼ਲ ਦੀ ਵੱਡੇ ਪੱਧਰ ’ਤੇ ਲੋੜ ਪੈਂਦੀ ਹੈ। ਪਿੰਡ ਗੋਲੇਵਾਲਾ ਦੇ ਕਿਸਾਨ ਖੁਸ਼ਮੀਤ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਪੈਟਰੋਲ ਪੰਪਾਂ ’ਤੇ ਤੇਲ ਲੈਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸਤਿਕਰਤਾਰ ਪੈਟਰੋਲ ਪੰਪ ਪਿੱਪਲੀ ਦੇ ਮਾਲਕ ਐਡਵੋਕੇਟ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪੰਪ ’ਤੇ ਡੀਜ਼ਲ ਦੀ ਮੰਗ 5 ਗੁਣਾਂ ਵਧ ਗਈ ਹੈ। ਉਨ੍ਹਾਂ ਕਿਹਾ ਕਿ ਤੇਲ ਦੇ ਡਿਪੂ ਤੋਂ ਪਹਿਲਾਂ ਰੋਜ਼ਾਨਾ 20 ਗੱਡੀਆਂ ਨਿਕਲਦੀਆਂ ਸਨ, ਪਰ ਅੱਜ 80 ਗੱਡੀਆਂ ਵਿੱਚ ਤੇਲ ਭਰ ਕੇ ਭੇਜਿਆ ਗਿਆ ਹੈ। ਇਸ ਦੌਰਾਨ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਸਮੇਤ ਮਾਲਵੇ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਤੇਲ ਕੀਮਤਾਂ ਵਿੱਚ ਵਾਧਾ ਹੋਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਚੋਣਾਂ ਦੌਰਾਨ ਲਗਪਗ ਦੋ ਮਹੀਨੇ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਜ਼ਿਆਦਾਤਰ ਕਿਸਾਨਾਂ ਨੇ ਆਪਣੀਆਂ ਟੈਂਕੀਆਂ ਬਣਾਈਆਂ ਹੋਈਆਂ ਹਨ ਅਤੇ ਇਕ ਟੈਂਕੀ ਵਿੱਚ 11 ਤੋਂ 12 ਸੌ ਲਿਟਰ ਡੀਜ਼ਲ ਪੈਂਦਾ ਹੈ। ਪਿੰਡ ਬੂੜਾ ਗੁੱਜਰ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਕਣਕ ਦੀ ਵਾਢੀ ਅਤੇ ਨਰਮੇ ਦੀ ਬਿਜਾਈ ਲਈ ਡੀਜ਼ਲ ਦੀ ਲੋੜ ਪਵੇਗੀ। ਇਕ ਪੈਟਰੋਲ ਪੰਪ ਦੇ ਮੈਨੇਜਰ ਰਾਜ ਕੁਮਾਰ ਨੇ ਦੱਸਿਆ ਕਿ ਪਹਿਲਾਂ ਡੀਜ਼ਲ ਦੀ 12 ਹਜ਼ਾਰ ਲਿਟਰ ਵਾਲੀ ਇੱਕ ਗੱਡੀ ਲੱਗਦੀ ਸੀ ਅਤੇ ਹੁਣ ਇਹ ਖਪਤ ਪੰਜ ਗੁਣਾਂ ਵਧ ਗਈ ਹੈ। ਬਠਿੰਡਾ ਸਥਿਤ ਇੱਕ ਡਿਪੂ ਦੇ ਕਰਮਚਾਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਕਰੀਬ 600 ਗੱਡੀਆਂ ਦੀ ਸਪਲਾਈ ਦਿੱਤੀ ਗਈ ਹੈ, ਜੋ ਪਹਿਲਾਂ 300 ਗੱਡੀਆਂ ਦੀ ਹੁੰਦੀ ਸੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਚੱਲ ਰਹੇ ਵਿਆਹਾਂ ਦੇ ਸੀਜ਼ਨ ’ਚ ਲੋਕ ਫ਼ਟਾ-ਫਟ ਸੋਨਾ ਖਰੀਦ ਰਹੇ ਹਨ ਜਦੋਂ ਕਿ ਸੋਨੇ ਦਾ ਰੇਟ ਦੋ ਤੋਂ ਤਿੰਨ ਹਜ਼ਾਰ ਰੁਪਏ ਤੱਕ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਘਿਓ ਅਤੇ ਰਿਫਾਇੰਡ ਸਮੇਤ ਹੋਰ ਤੇਲਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਵੇਰਵਿਆਂ ਮੁਤਾਬਕ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਅਚਾਨਕ ਹੀ ਰਿਫਾਇੰਡ ਤੇਲ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ 20 ਤੋਂ 25 ਰੁਪਏ ਦਾ ਉਛਾਲ ਆਇਆ ਹੈ। ਪੰਜਾਬ ਵਿੱਚ ਰਿਫਾਇੰਡ ਦੇ 15 ਲਿਟਰ ਦੇ ਟੀਨ ਦੀ ਕੀਮਤ ਹੁਣ 2350 ਤੋਂ ਵਧ ਕੇ ਲਗਭਗ 2550 ਰੁਪਏ ਹੋ ਗਈ ਹੈ। ਰਿਫਾਇੰਡ ਦਾ ਥੋਕ ਵਿੱਚ ਕੰਮ ਕਰਨ ਵਾਲੇ ਅਜੈ ਕੁਮਾਰ ਸਿੰਗਲਾ ਨੇ ਕਿਹਾ ਕਿ ਵੱਡੀ ਪੱਧਰ ’ਤੇ ਤੇਲ ਬਾਹਰੋਂ ਮੰਗਵਾਉਣ ਕਰਕੇ ਕੀਮਤਾਂ ਵਧ ਰਹੀਆਂ ਹਨ। ਹਲਵਾਈ ਬੱਬੂ ਕੁਮਾਰ ਨੇ ਕਿਹਾ ਕਿ ਮਹਿੰਗਾਈ ਹੋਰ ਵਧਣ ਦੀ ਗੁਜਾਇਸ਼ ਬਣ ਗਈ ਹੈ। ਡਿਊ ਪੰਪ ਦੇ ਮੈਨੇਜਰ ਸੁਖਦਰਸ਼ਨ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ’ਚ ਜੰਗ ਦੇ ਅਸਰ ਕਾਰਨ ਵੱਡੀ ਗਿਣਤੀ ਲੋਕ ਡੀਜ਼ਲ ਭਰਵਾ ਕੇ ਘਰਾਂ ਨੂੰ ਲਿਜਾ ਰਹੇ ਹਨ। ਕਿਸਾਨ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਕੰਬਾਇਨ ਮਾਲਕਾਂ ਸਮੇਤ ਹੋਰ ਕਿਸਾਨਾਂ ਵੱਲੋਂ ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਡਰੋਂ ਅਤੇ ਕਿੱਲਤ ਪੈਦਾ ਹੋਣ ਦੇ ਖਦਸ਼ੇ ਕਾਰਨ ਉਧਾਰ ਪੈਸੇ ਚੁੱਕ ਕੇ ਉਹ ਤੇਲ ਖਰੀਦ ਰਹੇ ਹਨ।