ਦਿਲਬਾਗ ਸਿੰਘ ਗਿੱਲ
ਅਟਾਰੀ, 15 ਸਤੰਬਰ
ਮਹਾਰਾਜਾ ਸ਼ੇਰ ਸਿੰਘ ਦੀ 179ਵੀਂ ਬਰਸੀ ’ਤੇ ਉਨ੍ਹਾਂ ਦੇ ਵਾਰਸਾਂ ਵੱਲੋਂ ਅੱਜ ਅਟਾਰੀ ਸਥਿਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਾਰਾਜਾ ਸ਼ੇਰ ਸਿੰਘ ਦੀ ਪੰਜਵੀਂ ਪੀੜ੍ਹੀ ਦੇ ਵਾਰਸਾਂ ਕਰਵਿੰਦਰਪਾਲ ਸਿੰਘ, ਦਵਿੰਦਰਪਾਲ ਸਿੰਘ, ਮੀਤਪਾਲ ਸਿੰਘ ਅਤੇ ਸੁਖਪ੍ਰੀਤ ਸਿੰਘ, ਅਜੈਪ੍ਰੀਤ ਸਿੰਘ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਖੜਕ ਸਿੰਘ ਮਹਾਰਾਜਾ ਬਣੇ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਬਣੇ ਸਨ। ਉਨ੍ਹਾਂ ਨੂੰ ਤਖ਼ਤ ’ਤੇ ਬੈਠਿਆਂ ਤਿੰਨ ਸਾਲ ਹੋਏ ਸਨ ਕਿ 15 ਸਤੰਬਰ 1843 ਨੂੰ ਸ਼ਾਹ ਬਲਾਵਲ ਬਾਰਾਂਦਰੀ ਲਾਹੌਰ ਵਿਖੇ ਕੁਸ਼ਤੀਆਂ ਵੇਖ ਰਹੇ ਮਹਾਰਾਜਾ ਸ਼ੇਰ ਸਿੰਘ ਨੂੰ ਅਜੀਤ ਸਿੰਘ ਸੰਧਾਵਾਲੀਆ ਨੇ ਦੋਨਾਲੀ ਬੰਦੂਕ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸੇ ਦਿਨ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਲਹਿਣਾ ਸਿੰਘ ਨੇ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇ ਮਹਾਰਾਜਾ ਸ਼ੇਰ ਸਿੰਘ ਕਤਲ ਨਾ ਹੁੰਦੇ ਤਾਂ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੁੰਦਾ। ਮਹਾਰਾਜਾ ਸ਼ੇਰ ਸਿੰਘ ਦੇ ਅਟਾਰੀ ਸਥਿਤ ਵਾਰਸਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਟਾਲਾ ਵਿਖੇ ਮਹਾਰਾਜਾ ਸ਼ੇਰ ਸਿੰਘ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇ। ਇਸ ਮੌਕੇ ਚਰਨਜੀਤ ਸਿੰਘ ਸੇਠ, ਹਰਭਜਨ ਸਿੰਘ ਤੇ ਬਾਬਾ ਭਜਨ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।