ਸੰਜੀਵ ਬੱਬੀ
ਚਮਕੌਰ ਸਾਹਿਬ, 17 ਸਤੰਬਰ
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਰਘਬੀਰ ਸਿੰਘ ਦੀ ਕਾਵਿ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਸਮਾਗਮ ਸਭਾ ਦੇ ਦਫ਼ਤਰ ਵਿੱਚ ਕਰਵਾਇਆ। ਇਸ ਦੀ ਪ੍ਰਧਾਨਗੀ ਗੀਤਕਾਰ ਹਰਬੰਸ ਮਾਲਵਾ ਨੇ ਕੀਤੀ। ਸਮਾਗਮ ਦੌਰਾਨ ਸੁਰਿੰਦਰ ਰਸੂਲਪੁਰ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ।
ਖੁਸ਼ਪ੍ਰੀਤ ਸਿੰਘ ਮਨਜੀਤਪੁਰਾ ਦੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਰਾਜਵੀਰ ਸਿੰਘ ਚੌਂਤਾ ਨੇ ਕਾਵਿ ਸੰਗ੍ਰਹਿ ਉੱਤੇ ਪੇਪਰ ਪੜ੍ਹਿਆ। ਮਨਦੀਪ ਕੌਰ ਰਿੰਪੀ ਨੇ ਕਿਹਾ ਕਿ ਨਵੀਨ ਸਾਹਿਤ ਵਿਚ ਸਮਾਜਿਕਤਾ ਦਾ ਹੋਣਾ ਜ਼ਰੂਰੀ ਹੈ। ਰਾਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਰਘਬੀਰ ਸਿੰਘ ਦੀ ਪੁਸਤਕ ਦੀਆਂ ਕਵਿਤਾਵਾਂ ਵਿੱਚ ਆਪਣੇ ਕਿਸਮ ਦੀ ਸ਼ਾਇਰੀ ਹੈ। ਯਤਿੰਦਰ ਕੌਰ ਮਾਹਲ ਨੇ ਕਿਹਾ ਕਿ ਲੇਖਕ ਦੀਆਂ ਕਵਿਤਾਵਾਂ ਵਿਚ ਰੁਹਾਨੀਅਤ ਭਾਰੂ ਹੈ। ਇਸ ਤੋਂ ਬਾਅਦ ਸ਼ਾਇਰ ਰਘਬੀਰ ਸਿੰਘ ਨੇ ਪੁਸਤਕ ਵਿਚੋਂ ਕੁਝ ਕਵਿਤਾਵਾਂ ਵੀ ਸੁਣਾਈਆਂ।
ਇਸੇ ਦੌਰਾਨ ਕਵੀ ਦਰਬਾਰ ਵੀ ਹੋਇਆ। ਅਮਨਦੀਪ ਸਿੰਘ ਫਤਿਹਪੁਰ ਨੇ ਗੀਤ, ਕਰਤਿਕਾ ਸਿੰਘ ਨੇ ਨਜ਼ਮ, ਨੇਤਰ ਸਿੰਘ ਮੁੱਤੋਂ ਨੇ ਗੀਤ, ਸਿਕੰਦਰ ਸਿੰਘ ਨੇ ਲੋਕ ਤੱਥ, ਸੁਰਜੀਤ ਸਿੰਘ ਜੀਤ ਅਤੇ ਅਮਰਜੀਤ ਕੌਰ ਨੇ ਗ਼ਜ਼ਲਾਂ ਸੁਣਾਈਆਂ।