ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਨ ਲਈ ਸੜਕੀ ਰਸਤੇ ਮਾਨਸਾ ਨੇੜਲੇ ਪਿੰਡ ਮੂਸਾ ਜਾ ਰਹੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀਆਂ ਗੱਡੀਆਂ ਦਾ ਕਾਫ਼ਲਾ ਪਟਿਆਲਾ ਆ ਕੇ ਰਸਤਾ ਭਟਕ ਗਿਆ। ਰਾਜਪੁਰਾ ਵੱਲੋਂ ਆ ਰਹੇ ਇਸ ਕਾਫ਼ਲੇ ਨੇ ਪਟਿਆਲਾ ਸ਼ਹਿਰ ਦੇ ਬਾਹਰਵਾਰ ਸਥਿਤ ਅਰਬਨ ਅਸਟੇਟ ਵਾਲ਼ੇ ਚੌਕ ਤੋਂ ਖੱਬੇ ਹੱਥ ਮੁੜ ਕੇ ਦੱਖਣੀ ਬਾਈਪਾਸ ਰਾਹੀਂ ਹੁੰਦੇ ਹੋਏ ਸੰਗਰੂਰ ਰੋਡ ’ਤੇ ਪੁੱਜਣਾ ਸੀ ਪਰ ਭੁਲੇਖੇ ਨਾਲ਼ ਇਹ ਕਾਫ਼ਲਾ ਬਾਈਪਾਸ ’ਤੇ ਚੜ੍ਹਨ ਦੀ ਬਜਾਇ ਸ਼ਾਹੀ ਸ਼ਹਿਰ ਦੇ ਅੰਦਰ ਵੱਲ ਨੂੰ ਹੋ ਤੁਰਿਆ। ਇਸ ਕਾਰਨ ਕਾਫ਼ਲੇ ਨੂੰ ਸ਼ਹਿਰ ਦੇ ਬਾਹਰਵਾਰ ਸਹੀ ਸਲਾਮਤ ਲੰਘਾਉਣ ਲਈ ਸੁਰੱਖਿਆ ਬੰਦੋਬਸਤਾਂ ਲਈ ਤਾਇਨਾਤ ਕੀਤੇ ਗਏ ਪੁਲੀਸ ਤੰਤਰ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਇਹ ਕਾਫ਼ਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵੱਲ ਨੂੰ ਵਧਦਾ ਗਿਆ, ਇਸ ਕਾਫ਼ਲੇ ਨੂੰ ਦੱਖਣੀ ਬਾਈਪਾਸ ਰਾਹੀਂ ਅੱਗੇ ਲੰਘਾਉਣ ਲਈ ਅਰਬਨ ਅਸਟੇਟ ਚੌਕ ਵਿੱਚ ਖੜ੍ਹੀ ਪੁਲੀਸ ਫੋਰਸ ਨੇ ਝੱਟ ਹਾਲਾਤ ਨੂੰ ਸਮਝਦਿਆਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੌਕਾ ਸੰਭਾਲ਼ਦਿਆਂ, ਇਸ ਕਾਫ਼ਲੇ ਨੂੰ ਸ਼ਹਿਰ ਦੀ ਸੰਘਣੀ ਆਬਾਦੀ ’ਚ ਦਾਖ਼ਲ ਹੋਣ ਤੋਂ ਰੋਕ ਲਿਆ। ਉਂਜ ਇਹ ਕਾਫ਼ਲਾ ਨਿਰਧਾਰਤ ਮੋੜ ਤੋਂ ਡੇਢ ਕਿਲੋਮੀਟਰ ਸ਼ਹਿਰ ਵੱਲ ਨੂੰ ਲੰਘ ਚੁੱਕਾ ਸੀ। ਫਿਰ ਪੁਲੀਸ ਨੇ ਕਾਫ਼ਲੇ ਨੂੰ ਨਦੀ ਵਾਲ਼ੀ ਸੜਕ ਰਾਹੀਂ ਅੱਗੇ ਸਨੌਰੀ ਅੱਡੇ ਦੇ ਕੋਲ਼ ਸਥਿਤ ਦੇਵੀਗੜ੍ਹ ਸੜਕ ਤੱਕ ਪੁੱਜਦਾ ਕੀਤਾ। ਪਰ ਬਾਈਪਾਸ ਤੱਕ ਅੱਪੜਨ ਲਈ ਕਾਫ਼ਲੇ ਨੂੰ ਉੱਥੋਂ ਫਿਰ ਡੇਢ ਕੁ ਕਿਲੋਮੀਟਰ ਮੁੜਨਾ ਪਿਆ। ਦੇਵੀਗੜ੍ਹ ਰੋਡ ਰਾਹੀਂ ਕਾਫ਼ਲੇ ਨੂੰ ਮੁੜ ਦੱਖਣੀ ਬਾਈਪਾਸ ’ਤੇ ਚੜ੍ਹਾਇਆ ਗਿਆ। ਯੂ-ਟਰਨ ਆਉਣ ’ਤੇ ਹੀ ਰਾਹੁਲ ਗਾਂਧੀ ਦਾ ਭਟਕਿਆ ਇਹ ਕਾਫ਼ਲਾ ਮੁੜ ਬਾਈਪਾਸ ’ਤੇ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਇਆ।
ਉਂਜ, ਰਸਤਾ ਭਟਕਣ ਦੇ ਬਾਵਜੂਦ ਭਾਵੇਂ ਕਿ ਕਾਂਗਰਸ ਨੇਤਾ ਦੇ ਕਾਫ਼ਲੇ ਨੂੰ ਵੀ ਕੋਈ ਸਮੱਸਿਆ ਨਹੀਂ ਆਈ, ਪਰ ਫਿਰ ਵੀ ਇਸ ਦੌਰਾਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਪੁਲੀਸ ਨੇ ਚੌਕਸੀ ਨਾਲ ਅਜਿਹਾ ਮੌਕਾ ਸੰਭਾਲਿਆ ਕਿ ਜਲਦੀ ਹੀ ਸਥਿਤੀ ’ਤੇ ਕਾਬੂ ਪਾ ਲਿਆ ਗਿਆ। ਭਾਵੇਂ ਪੁਲੀਸ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਰਹੀ, ਪਰ ਨਾਮ ਨਾ ਛਾਪਣ ਦੀ ਸ਼ਰਤ ’ਤੇ ਕੁਝ ਅਧਿਕਾਰੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਕਾਫ਼ਲੇ ਦੇ ਅੱਗੇ ਲੱਗੀ ਪਾਇਲਟ ਮੁਹਾਲੀ ਪੁਲੀਸ ਦੀ ਸੀ। ਭਾਵੇਂ ਅਰਬਨ ਅਸਟੇਟ ਵਿੱਚ ਪਟਿਆਲਾ ਪੁਲੀਸ ਦੇ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਸਨ, ਪਰ ਇੱਥੋਂ ਬਾਈਪਾਸ ਸ਼ੁਰੂ ਹੋਣ ਦੇ ਨਾਲ਼ ਹੀ ਪੁਲ਼ ਦੀ ਚੜ੍ਹਾਈ ਵੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਉੱਪਰ ਅਤੇ ਸਿੱਧੇ ਜਾਣ ਵਾਲ਼ੀਆਂ ਦੋ ਸੜਕਾਂ ਹਨ, ਜਿਨ੍ਹਾਂ ਦਾ ਹੀ ਭੁਲੇਖਾ ਪੈਣ ਕਰ ਕੇ ਕਾਫ਼ਲਾ ਸ਼ਹਿਰ ਨੂੰ ਜਾਣ ਵਾਲ਼ੀ ਸੜਕ ’ਤੇ ਹੋ ਤੁਰਿਆ।
ਮੂਸੇਵਾਲਾ ਦੇ ਘਰੋਂ ਰਾਹੁਲ ਗਾਂਧੀ ਨੂੰ ਉਡੀਕੇ ਬਿਨਾਂ ਚਲੇ ਗਏ ਪ੍ਰਨੀਤ ਕੌਰ
ਪੱਤਰ ਪ੍ਰੇਰਕ
ਮਾਨਸਾ, 7 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਵੰਡਾਉਣ ਲਈ ਅੱਜ ਇਥੇ ਪਹੁੰਚੇ ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪ੍ਰਨੀਤ ਕੌਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਉਡੀਕ ਕੀਤੇ ਬਿਨਾਂ ਹੀ ਉਥੋਂ ਚਲੇ ਗਏ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਾਂਗਰਸ ਪਾਰਟੀ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਭਾਜਪਾ ਨਾਲ ਸਿਆਸੀ ਸਮਝੌਤਾ ਕਰ ਲਿਆ ਹੈ, ਪਰ ਪ੍ਰਨੀਤ ਕੌਰ ਨੇ ਹਾਲੇ ਤੱਕ ਕਾਂਗਰਸ ਪਾਰਟੀ ਨਹੀਂ ਛੱਡੀ ਹੈ ਤੇ ਨਾ ਹੀ ਹੁਣ ਤੱਕ ਪਾਰਟੀ ਵੱਲੋਂ ਉਨ੍ਹਾਂ ਨੂੰ ਕੱਢਿਆ ਗਿਆ ਹੈ।
ਮੌਕੇ ’ਤੇ ਮੌਜੂਦ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਪ੍ਰਨੀਤ ਕੌਰ ਸਿੱਧੂ ਮੂਸੇਵਾਲਾ ਦੇ ਘਰ ਲਗਪਗ ਸਵਾ ਗਿਆਰਾਂ ਵਜੇ ਪਹੁੰਚੇ ਤੇ ਲਗਪਗ 11:52 ’ਤੇ ਉਹ ਉਥੋਂ ਚਲੇ ਗਏ, ਜਦਕਿ ਰਾਹੁਲ ਗਾਂਧੀ ਦੀਆਂ ਗੱਡੀਆਂ ਦਾ ਕਾਫ਼ਲਾ 12 ਵਜੇ ਸਿੱਧੂ ਮੂਸੇਵਾਲਾ ਦੇ ਘਰ ਅੱਗੇ ਪਹੁੰਚ ਗਿਆ ਸੀ। ਸੰਸਦ ਮੈਂਬਰ ਪ੍ਰਨੀਤ ਕੌਰ ਦੇ ਇੰਜ ਰਾਹੁਲ ਗਾਂਧੀ ਨੂੰ ਬਿਨਾਂ ਮਿਲੇ ਚਲੇ ਜਾਣ ਨੂੰ ਸਿਆਸੀ ਹਲਕਿਆਂ ਵਿੱਚ ਬੜੀ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਪ੍ਰਨੀਤ ਕੌਰ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਹਨ।
ਇਸ ਤੋਂ ਪਹਿਲਾਂ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਦਾ ਇੰਜ ਕਤਲ ਹੋਣਾ ਬਹੁਤ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ ਤੇ ਇੱਕ ਮਾਂ ਹੋਣ ਦੇ ਨਾਤੇ ਉਹ ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ, ਪਰ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਸਬੰਧੀ ਪ੍ਰਚਾਰ ਨਾ ਕਰਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਥੇ ਇੱਕ ਸਿਆਸਤਦਾਨ ਵਜੋਂ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਦੀ ਹੈਸੀਅਤ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਖ਼ੁਦ ਇੱਥੇ ਨਹੀਂ ਆ ਸਕੇ ਹਨ।