ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਸਿੰਘ
ਮੋਗਾ/ਅਜੀਤਵਾਲ, 1 ਅਕਤੂਬਰ
ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਅਤੇ ਅਕਾਲੀ ਦਲ ਮਗਰੋਂ ਕਾਂਗਰਸ ਦੀ 3 ਅਕਤੂਬਰ ਦੀ ਟਰੈਕਟਰ ਰੈਲੀ ਕੱਢਣ ਦੇ ਐਲਾਨ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਖ਼ਿਲਾਫ਼ ਮਾਹੌਲ ਭਖ਼ ਗਿਆ ਹੈ। ਇਥੇ ਬੱਧਨੀ ਕਲਾਂ ਵਿਚ ਦੇਰ ਸ਼ਾਮ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਪ੍ਰਬੰਧਾਂ ਦਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਲਕ ਤੋਂ ਤਿੰਨ ਰੋਜ਼ਾ ਪੰਜਾਬ ਦੌਰੇ ’ਤੇ ਆ ਰਹੇ ਹਨ। ਪਹਿਲੇ ਦਿਨ 3 ਅਕਤੂਬਰ ਨੂੰ ਟਰੈਕਟਰ ਰੈਲੀ ਮਾਲਵਾ ਦੇ ਬੱਧਨੀ ਕਲਾਂ (ਮੋਗਾ) ਤੋਂ ਸ਼ੁਰੂ ਹੋਵੇਗੀ ਜੋ ਲਿੰਕ ਸੜਕਾਂ ਤੋਂ ਤਕਰੀਬਨ 25 ਕਿਲੋਮੀਟਰ ਦੂਰ ਜ਼ਿਲ੍ਹਾ ਲੁਧਿਆਣਾ ਦੀ ਸਬ ਡਿਵੀਜ਼ਨ ਦੇ ਪਿੰਡਾਂ ਚਕਰ, ਲੱਖਾ ਅਤੇ ਮਾਣੂੰਕੇ ਤੋਂ ਅਖੀਰ ਵਿੱਚ ਜੱਟਪੁਰਾ (ਰਾਏਕੋਟ) ਜਾ ਕੇ ਸਮਾਪਤ ਹੋਵੇਗੀ। ਕਾਂਗਰਸ ਵਲੋਂ ਪਹਿਲਾਂ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਟਰੈਕਟਰ ਰੈਲੀ ਕਰਨ ਦੀ ਯੋਜਨਾ ਸੀ ਪਰ ਰੈਲੀ ਨੂੰ ਇੱਕ ਦਿਨ ਲਈ ਅੱਗੇ ਕਰ ਦਿੱਤਾ ਗਿਆ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਆਰਡੀਨੈਂਸਾਂ ਖਿਲਾਫ਼ ਸੁਪਰੀਮ ਕੋਰਟ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਪਹਿਲਾਂ ਬੱਧਨੀ ਕਲਾਂ ਅਨਾਜ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ। ਇਸ ਟਰੈਕਟਰ ਰੈਲੀ ਵਿੱਚ ਤਕਰੀਬਨ ਤਿੰਨ ਹਜ਼ਾਰ ਟਰੈਕਟਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਸੂਬਾਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਾਰੀ ਕੈਬਨਿਟ ਦੇ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਰੈਲੀ ਵਿਚ ਸ਼ਿਰਕਤ ਕਰਨਗੇ।